ਪੰਜਾਬ ਦੇ ਤੇਜ਼ ਵਿਕਾਸ ਲਈ ਡਬਲ ਇੰਜਣ ਸਰਕਾਰ ਦੀ ਲੋੜ : ਸਤਨਾਮ ਸਿੰਘ ਸੰਧੂ

ਪੰਜਾਬ ਦੇ ਤੇਜ਼ ਵਿਕਾਸ ਲਈ ਡਬਲ ਇੰਜਣ ਸਰਕਾਰ ਦੀ ਲੋੜ : ਸਤਨਾਮ ਸਿੰਘ ਸੰਧੂ

ਨਵੀਂ ਦਿੱਲੀ-ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬ ਨੂੰ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਡਬਲ ਇੰਜਣ ਸਰਕਾਰ ਦੀ ਲੋੜ ਹੈ। ਰਾਜ ਸਭਾ ਵਿੱਚ ਵਿਨਿਯੋਗ (ਨੰਬਰ 3) ਬਿੱਲ, 2026 ’ਤੇ ਚਰਚਾ ਦੌਰਾਨ ਉਨ੍ਹਾਂ ਪੰਜਾਬ ਲਈ ਰੇਲਵੇ ਦੇ ਵਧੇ ਨਿਵੇਸ਼ ਨੂੰ ਕੇਂਦਰ ਸਰਕਾਰ ਦੀ ਵਚਨਬੱਧਤਾ ਦੱਸਿਆ।

ਸੰਧੂ ਨੇ ਕਿਹਾ ਕਿ ਪੰਜਾਬ ਨੂੰ ਸਾਲ 2026-27 ਲਈ 5,673 ਕਰੋੜ ਰੁਪਏ ਦੀ ਰਿਕਾਰਡ ਰੇਲਵੇ ਅਲਾਟਮੈਂਟ ਮਿਲੀ ਹੈ, ਜੋ 2009-14 ਦੀ ਔਸਤ ਸਾਲਾਨਾ ਅਲਾਟਮੈਂਟ ਨਾਲੋਂ ਕਰੀਬ 25 ਗੁਣਾ ਵੱਧ ਹੈ। ਉਨ੍ਹਾਂ ਮੁਤਾਬਕ ਸੂਬੇ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟ ਚੱਲ ਰਹੇ ਹਨ, ਜਦਕਿ 30 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਰੇਲਵੇ ਸਿਰਫ਼ ਆਵਾਜਾਈ ਦਾ ਸਾਧਨ ਨਹੀਂ, ਸਗੋਂ ਪੰਜਾਬ ਦੀ ਖੇਤੀ ਅਤੇ ਆਰਥਿਕਤਾ ਲਈ ਜੀਵਨ ਰੇਖਾ ਹੈ। ਸਿਰਫ਼ ਸੱਤ ਮਹੀਨਿਆਂ ਵਿੱਚ ਪੰਜਾਬ ਤੋਂ 95 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਅਤੇ ਚੌਲ 2,684 ਰੇਲਵੇ ਰੈਕਾਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਏ ਗਏ ਹਨ।ਸੰਧੂ ਨੇ ਕਿਹਾ ਕਿ ਸੰਤ ਰਵਿਦਾਸ ਐਕਸਪ੍ਰੈਸ ਰਾਹੀਂ ਪੰਜਾਬ ਨੂੰ ਕਾਸ਼ੀ ਨਾਲ ਜੋੜਨ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਨਵੇਂ ਰੇਲ ਸੰਪਰਕ ਵਰਗੇ ਪ੍ਰੋਜੈਕਟ ਪੰਜਾਬ ਦੀ ਆਸਥਾ ਅਤੇ ਵਿਰਸੇ ਨਾਲ ਵੀ ਜੁੜੇ ਹੋਏ ਹਨ।

ਉਨ੍ਹਾਂ 764 ਕਰੋੜ ਰੁਪਏ ਦੇ ਫ਼ਿਰੋਜ਼ਪੁਰ-ਪੱਟੀ ਰੇਲ ਲਿੰਕ ਨੂੰ ਵੀ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚਕਾਰ ਰੇਲ ਦੂਰੀ ਕਰੀਬ 196 ਕਿਲੋਮੀਟਰ ਤੋਂ ਘਟ ਕੇ 100 ਕਿਲੋਮੀਟਰ ਰਹਿ ਜਾਵੇਗੀ। ਸਰਹੱਦੀ ਖੇਤਰਾਂ ਲਈ ਇਹ ਸੰਪਰਕ ਵਿਕਾਸ ਦੇ ਨਾਲ ਰਾਸ਼ਟਰੀ ਸੁਰੱਖਿਆ ਪੱਖੋਂ ਵੀ ਮਹੱਤਵਪੂਰਨ ਹੈ।ਸੰਧੂ ਨੇ ਕਿਹਾ ਕਿ ਜਿਸ ਪੰਜਾਬ ਨੇ ਦੇਸ਼ ਨੂੰ ਹਰੀ ਕ੍ਰਾਂਤੀ ਦਿੱਤੀ, ਉਹ ਹੁਣ ਲੌਜਿਸਟਿਕਸ, ਉਦਯੋਗ ਅਤੇ ਆਰਥਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਰੇਲਗੱਡੀ ਨਾਲ ਦੂਜਾ ਇੰਜਣ ਜੁੜਨ ’ਤੇ ਉਸ ਦੀ ਰਫ਼ਤਾਰ ਅਤੇ ਸਮਰੱਥਾ ਵਧ ਜਾਂਦੀ ਹੈ, ਉਸੇ ਤਰ੍ਹਾਂ ਪੰਜਾਬ ਨੂੰ ਵੀ ਡਬਲ ਇੰਜਣ ਸਰਕਾਰ ਦੀ ਲੋੜ ਹੈ, ਜਿਸ ਨਾਲ ਸੂਬੇ ਅਤੇ ਕੇਂਦਰ ਦੀ ਸਾਂਝੀ ਤਾਕਤ ਨਾਲ ਵਿਕਾਸ ਨੂੰ ਹੋਰ ਰਫ਼ਤਾਰ ਮਿਲ ਸਕੇ।