ਜੰਗਬੰਦੀ ਦੇ ਬਾਵਜੂਦ ਇਰਾਨ ਵੱਲੋਂ ਇਜ਼ਰਾਈਲ ’ਤੇ ਮਿਜ਼ਾਈਲ ਹਮਲੇ
ਯਰੂਸ਼ਲਮ — ਇਜ਼ਰਾਈਲ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਰਾਨ ਨੇ ਉਸ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਅਪ੍ਰੈਲ ਵਿੱਚ ਲਾਗੂ ਹੋਈ ਨਾਜ਼ੁਕ ਜੰਗਬੰਦੀ ਤੋਂ ਬਾਅਦ ਇਹ ਪਹਿਲਾ ਸਿੱਧਾ ਹਮਲਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਜੰਗ ਖਤਮ ਕਰਨ ਲਈ ਚੱਲ ਰਹੀਆਂ ਕੂਟਨੀਤਿਕ ਕੋਸ਼ਿਸ਼ਾਂ ਹੋਰ ਪੇਚੀਦੀਆਂ ਹੋ ਗਈਆਂ ਹਨ।ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਮਿਜ਼ਾਈਲ ਹਮਲਿਆਂ ਦੀ ਪੁਸ਼ਟੀ ਕਰਦਿਆਂ ਫੌਜ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਇਜ਼ਰਾਈਲ ਨੇ ਇਰਾਨ ਜਾਂ ਲੈਬਨਾਨ ’ਤੇ ਹਮਲੇ ਜਾਰੀ ਰੱਖੇ ਤਾਂ ਇਰਾਨੀ ਕਾਰਵਾਈ ਵੀ ਜਾਰੀ ਰਹੇਗੀ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਸਾਰੇ ਮਿਜ਼ਾਈਲ ਹਵਾ ਵਿੱਚ ਹੀ ਰੋਕ ਲਏ ਗਏ, ਹਾਲਾਂਕਿ ਉਸਨੇ ਇਹ ਵੀ ਮੰਨਿਆ ਕਿ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਅਭੇਦ ਨਹੀਂ ਹੈ। ਉੱਤਰੀ ਇਜ਼ਰਾਈਲ ਦੇ ਕਈ ਖੇਤਰਾਂ ਵਿੱਚ ਸਾਇਰਨ ਵੱਜਣ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।ਇਸ ਹਮਲੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਸਾਹਮਣੇ ਨਹੀਂ ਆਈ।ਇਸ ਤੋਂ ਪਹਿਲਾਂ ਇਜ਼ਰਾਈਲ ਨੇ ਬੇਰੂਤ ਦੇ ਦੱਖਣੀ ਇਲਾਕਿਆਂ ’ਤੇ ਹਵਾਈ ਹਮਲਾ ਕੀਤਾ ਸੀ, ਜਿਸਨੂੰ ਇਰਾਨ ਨੇ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ। ਲੈਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਇਸ ਹਮਲੇ ਵਿੱਚ ਦੋ ਲੋਕ ਮਾਰੇ ਗਏ ਅਤੇ 20 ਜ਼ਖ਼ਮੀ ਹੋਏ।
ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਕਾਰਵਾਈ ਹਿਜਬੁੱਲਾ ਵੱਲੋਂ ਉੱਤਰੀ ਇਜ਼ਰਾਈਲ ’ਤੇ ਕੀਤੀ ਗਈ ਗੋਲੀਬਾਰੀ ਦੇ ਜਵਾਬ ਵਿੱਚ ਕੀਤੀ ਗਈ। ਹਾਲਾਂਕਿ ਹਿਜਬੁੱਲਾ ਨੇ ਕੁਝ ਸਮੇਂ ਬਾਅਦ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਸਵੀਕਾਰ ਕਰ ਲਈ।ਇਰਾਨ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜੇ ਬੇਰੂਤ ’ਤੇ ਹਮਲੇ ਜਾਰੀ ਰਹੇ ਤਾਂ ਮੱਧ ਪੂਰਬ ਵਿੱਚ ਮੁੜ ਪੂਰੇ ਪੱਧਰ ਦੀ ਜੰਗ ਛਿੜ ਸਕਦੀ ਹੈ।ਇਸ ਦੌਰਾਨ ਅਮਰੀਕਾ, ਪਾਕਿਸਤਾਨ, ਮਿਸਰ ਅਤੇ ਕਤਰ ਵੱਲੋਂ ਇਰਾਨ ਅਤੇ ਅਮਰੀਕਾ ਵਿਚਕਾਰ ਸੰਭਾਵੀ ਸਮਝੌਤੇ ਲਈ ਮਧਸਥਤਾ ਯਤਨ ਜਾਰੀ ਹਨ। ਇਰਾਨ ਦਾ ਜ਼ੋਰ ਹੈ ਕਿ ਕਿਸੇ ਵੀ ਸਮਝੌਤੇ ਵਿੱਚ ਲੈਬਨਾਨ ਵਿੱਚ ਜੰਗ ਖਤਮ ਕਰਨ ਦੀ ਸ਼ਰਤ ਸ਼ਾਮਲ ਹੋਣੀ ਚਾਹੀਦੀ ਹੈ।
ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਮੱਧ ਪੂਰਬ ਵਿੱਚ ਤਾਇਨਾਤ ਅਮਰੀਕੀ ਫੌਜੀ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।ਉੱਧਰ ਸੀਰੀਆ ਦੀ ਰਾਜ ਮੀਡੀਆ ਨੇ ਦਮਿਸ਼ਕ ਦੇ ਆਸਮਾਨ ਵਿੱਚ ਸੁਣੇ ਗਏ ਧਮਾਕਿਆਂ ਨੂੰ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨਾਲ ਜੋੜਿਆ ਹੈ।ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਜੋ ਇਸ ਸਾਲ ਚੋਣਾਂ ਦਾ ਸਾਹਮਣਾ ਕਰਨ ਵਾਲੇ ਹਨ, ਦਾ ਕਹਿਣਾ ਹੈ ਕਿ ਹਿਜਬੁੱਲਾ ਤੋਂ ਖ਼ਤਰਾ ਪੂਰੀ ਤਰ੍ਹਾਂ ਖਤਮ ਹੋਣ ਤੱਕ ਕਾਰਵਾਈ ਜਾਰੀ ਰਹੇਗੀ।ਇਸੇ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਇਰਾਨ ਪਹੁੰਚੇ ਹਨ, ਜਿੱਥੇ ਉਹ ਇਰਾਨ ਦੇ ਸਰਵੋਚ ਆਗੂ ਆਯਤੁੱਲਾ ਮੁਜਤਬਾ ਖਾਮਨੇਈ ਲਈ ਪਾਕਿਸਤਾਨੀ ਫੌਜ ਮੁਖੀ ਦਾ ਸੰਦੇਸ਼ ਲੈ ਕੇ ਗਏ ਹਨ। ਮਿਸਰ ਅਤੇ ਕਤਰ ਦੇ ਵਿਦੇਸ਼ ਮੰਤਰੀਆਂ ਵਿਚਕਾਰ ਵੀ ਸੰਭਾਵੀ ਸਮਝੌਤੇ ਦੇ ਮੁੱਦਿਆਂ ’ਤੇ ਚਰਚਾ ਹੋਈ ਹੈ।
















