ਕੈਲੋਨਾ ਅਤੇ ਲੰਡਨ (ਓਨਟਾਰੀਓ) ਵਿਚਾਲੇ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਨਵੀਂ ਪਹਿਲ

ਕੈਲੋਨਾ ਅਤੇ ਲੰਡਨ (ਓਨਟਾਰੀਓ) ਵਿਚਾਲੇ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਨਵੀਂ ਪਹਿਲ

ਕੈਲੋਨਾ-ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਲੋਨਾ ਅਤੇ ਲੰਡਨ (ਓਨਟਾਰੀਓ) ਨੇ ਯੂਨੈਸਕੋ (UNESCO) ਦੇ ਕਰੀਏਟਿਵ ਸਿਟੀ ਨੈੱਟਵਰਕ ਤਹਿਤ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਨਵੀਂ ਸਾਂਝ ਦੀ ਸ਼ੁਰੂਆਤ ਕੀਤੀ ਹੈ। ਇਸ ਸਹਿਯੋਗ ਦਾ ਉਦੇਸ਼ ਦੋਵੇਂ ਸ਼ਹਿਰਾਂ ਦੀਆਂ ਵਿਲੱਖਣ ਕਲਾਤਮਕ ਅਤੇ ਸੱਭਿਆਚਾਰਕ ਖੂਬੀਆਂ ਨੂੰ ਦੇਸ਼ ਅਤੇ ਦੁਨੀਆ ਅੱਗੇ ਉਜਾਗਰ ਕਰਨਾ ਹੈ।

ਕੈਲੋਨਾ ਨੂੰ ਅਕਤੂਬਰ 2025 ਵਿੱਚ ਯੂਨੈਸਕੋ ਕਰੀਏਟਿਵ ਸਿਟੀ ਆਫ਼ ਗੈਸਟ੍ਰੋਨੋਮੀ (ਭੋਜਨ ਕਲਾ) ਦਾ ਦਰਜਾ ਮਿਲਿਆ ਸੀ, ਜਦਕਿ ਲੰਡਨ (ਓਨਟਾਰੀਓ) ਨੂੰ 2021 ਵਿੱਚ ਯੂਨੈਸਕੋ ਸਿਟੀ ਆਫ਼ ਮਿਊਜ਼ਿਕ ਵਜੋਂ ਮਾਨਤਾ ਪ੍ਰਾਪਤ ਹੋਈ ਸੀ।ਇਸ ਸੱਭਿਆਚਾਰਕ ਸਾਂਝ ਦੇ ਤਹਿਤ ਕੈਲੋਨਾ ਦੇ ਪ੍ਰਸਿੱਧ ਕੰਟਰੀ ਗਾਇਕ ਜੋਨਾਥਨ ਵਿਲੀਅਮਜ਼ ਨੂੰ ਲੰਡਨ ਵਿੱਚ 24 ਅਤੇ 25 ਜੁਲਾਈ ਨੂੰ ਹੋਣ ਵਾਲੇ ਹੋਮ ਕੰਟਰੀ ਮਿਊਜ਼ਿਕ ਐਂਡ ਆਰਟ ਫੈਸਟੀਵਲ ਵਿੱਚ ਪੇਸ਼ਕਾਰੀ ਲਈ ਭੇਜਿਆ ਜਾ ਰਿਹਾ ਹੈ।

ਕ੍ਰੀਏਟਿਵ ਓਕਾਨਾਗਨ ਦੀ ਕਾਰਜਕਾਰੀ ਡਾਇਰੈਕਟਰ ਟੈਸ਼ੇਲੀਆ ਮਾਰਾਂਗੋਨੀ ਨੇ ਕਿਹਾ ਕਿ ਜੋਨਾਥਨ ਵਿਲੀਅਮਜ਼ ਦੀ ਚੋਣ ਕੈਲੋਨਾ ਅਤੇ ਓਕਾਨਾਗਨ ਖੇਤਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਸਥਾ ਲੰਡਨ ਨਾਲ ਮਿਲ ਕੇ ਕਲਾਕਾਰ ਦੇ ਸਫ਼ਰ ਅਤੇ ਪੇਸ਼ਕਾਰੀ ਲਈ ਵਿੱਤੀ ਸਹਿਯੋਗ ਦੇ ਰਹੀ ਹੈ। ਇਸ ਨਾਲ ਨਾ ਸਿਰਫ਼ ਕਲਾਕਾਰ ਦੀ ਪ੍ਰਤਿਭਾ ਨੂੰ ਮੰਚ ਮਿਲੇਗਾ, ਸਗੋਂ ਕੈਲੋਨਾ ਅਤੇ ਓਕਾਨਾਗਨ ਦੀ ਪਛਾਣ ਵੀ ਕੈਨੇਡਾ ਅਤੇ ਵਿਸ਼ਵ ਪੱਧਰ 'ਤੇ ਹੋਰ ਮਜ਼ਬੂਤ ਹੋਵੇਗੀ।

ਫੈਸਟੀਵਲ ਦੌਰਾਨ ਕੈਲੋਨਾ ਨੂੰ ਮਿਲੇ ਯੂਨੈਸਕੋ ਕਰੀਏਟਿਵ ਸਿਟੀ ਆਫ਼ ਗੈਸਟ੍ਰੋਨੋਮੀ ਦੇ ਦਰਜੇ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰਚਾਰ ਸਮੱਗਰੀ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ।ਉੱਧਰ, ਲੰਡਨ ਮਿਊਜ਼ਿਕ ਆਫ਼ਿਸ ਦੇ ਡਾਇਰੈਕਟਰ ਅਤੇ ਯੂਨੈਸਕੋ ਲਈ ਲੰਡਨ ਦੇ ਪ੍ਰਤੀਨਿਧੀ ਕੋਰੀ ਕ੍ਰਾਸਮੈਨ ਨੇ ਕਿਹਾ ਕਿ ਕਲਾਕਾਰਾਂ, ਵਿਚਾਰਾਂ ਅਤੇ ਤਜਰਬਿਆਂ ਦਾ ਅਦਾਨ-ਪ੍ਰਦਾਨ ਹੀ ਯੂਨੈਸਕੋ ਕਰੀਏਟਿਵ ਸਿਟੀ ਨੈੱਟਵਰਕ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਹਿਲ ਦੋਵੇਂ ਸ਼ਹਿਰਾਂ ਵਿਚਾਲੇ ਲੰਬੇ ਸਮੇਂ ਦੇ ਸਹਿਯੋਗ ਦੀ ਸ਼ੁਰੂਆਤ ਸਾਬਤ ਹੋਵੇਗੀ ਅਤੇ ਕੈਨੇਡਾ ਦੇ ਹੋਰ ਕਰੀਏਟਿਵ ਸ਼ਹਿਰਾਂ ਲਈ ਵੀ ਇੱਕ ਮਿਸਾਲ ਬਣੇਗੀ।