ਅਲਬਰਟਾ ਸਰਕਾਰ ਵੱਲੋਂ 30 ਸਾਲਾ ਰੇਲ ਯੋਜਨਾ ਦਾ ਐਲਾਨ

ਅਲਬਰਟਾ ਸਰਕਾਰ ਵੱਲੋਂ 30 ਸਾਲਾ ਰੇਲ ਯੋਜਨਾ ਦਾ ਐਲਾਨ

ਕੈਲਗਰੀ ਤੇ ਐਡਮੰਟਨ ਏਅਰਪੋਰਟਾਂ ਨੂੰ ਐਲਆਰਟੀ ਨਾਲ ਜੋੜਨ ਦੀ ਤਿਆਰੀ

ਕੈਲਗਰੀ-ਅਲਬਰਟਾ ਸਰਕਾਰ ਨੇ ਸੂਬੇ ਭਰ ਵਿੱਚ ਯਾਤਰੀ ਰੇਲ ਸੇਵਾ ਦਾ ਵਿਸਥਾਰ ਕਰਨ ਲਈ 30 ਸਾਲਾ ਮਹਾਂਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ਤਹਿਤ ਕੈਲਗਰੀ ਅਤੇ ਐਡਮੰਟਨ ਦੇ ਇੰਟਰਨੈਸ਼ਨਲ ਏਅਰਪੋਰਟਾਂ ਨੂੰ ਐਲਆਰਟੀ ਸਿਸਟਮ ਨਾਲ ਜੋੜਨ ਦੀ ਸੰਭਾਵਨਾ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ।ਸੂਬਾ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ 15 ਮਿਲੀਅਨ ਡਾਲਰ ਦੀ ਰਕਮ ਨਿਰਧਾਰਤ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੀਂ “ਪੈਸੇਂਜਰ ਰੇਲ ਮਾਸਟਰ ਪਲਾਨ” ਰਿਪੋਰਟ ਦੇ ਆਧਾਰ ’ਤੇ ਭਵਿੱਖ ਲਈ ਵਿਸਥਾਰਤ ਰੇਲ ਨੈੱਟਵਰਕ ਤਿਆਰ ਕੀਤਾ ਜਾਵੇਗਾ।

ਯੋਜਨਾ ਅਨੁਸਾਰ ਐਡਮੰਟਨ ਐਲਆਰਟੀ ਨੂੰ ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜਨ ਅਤੇ ਕੈਲਗਰੀ ਐਲਆਰਟੀ ਨੂੰ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਤੱਕ ਵਧਾਉਣ ਲਈ ਪ੍ਰਾਰੰਭਿਕ ਅਧਿਐਨ ਜਾਰੀ ਹੈ।ਮਾਸਟਰ ਪਲਾਨ ਵਿੱਚ ਐਡਮੰਟਨ-ਰੈੱਡ ਡੀਅਰ-ਕੈਲਗਰੀ ਦਰਮਿਆਨ ਹਾਈ-ਸਪੀਡ ਰੇਲ ਲਾਈਨ ਦੀ ਵੀ ਸਿਫਾਰਸ਼ ਕੀਤੀ ਗਈ ਹੈ, ਜਿਸ ਅਧੀਨ ਇੱਕ ਘੰਟੇ ਵਿੱਚ ਇੱਕ ਤੋਂ ਵੱਧ ਟ੍ਰੇਨਾਂ ਚਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੈਲਗਰੀ ਤੋਂ ਬੈਨਫ਼ ਤੱਕ ਤੇਜ਼ ਰਫ਼ਤਾਰ ਰੇਲ ਸੇਵਾ ਅਤੇ ਕਮਿਊਟਰ ਟ੍ਰੇਨਾਂ ਦੀ ਵੀ ਯੋਜਨਾ ਬਣਾਈ ਗਈ ਹੈ।

ਪਲਾਨ ਮੁਤਾਬਕ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਲਈ ਹਰ 20 ਮਿੰਟ ਬਾਅਦ ਟ੍ਰੇਨ ਸੇਵਾ ਉਪਲਬਧ ਕਰਵਾਉਣ ਦਾ ਟੀਚਾ ਹੈ। ਐਡਮੰਟਨ ਇੰਟਰਨੈਸ਼ਨਲ ਏਅਰਪੋਰਟ, ਏਅਰਡਰੀ ਅਤੇ ਸੇਂਟ ਅਲਬਰਟ ਲਈ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।ਟ੍ਰਾਂਸਪੋਰਟ ਮੰਤਰੀ ਡੈਵਿਨ ਡ੍ਰੀਸ਼ਨ ਨੇ ਕਿਹਾ ਕਿ ਇਸ ਯੋਜਨਾ ਦਾ ਮਕਸਦ ਸੂਬੇ ਵਿੱਚ ਐਲਆਰਟੀ, ਜਨਤਕ ਆਵਾਜਾਈ ਅਤੇ ਏਅਰਪੋਰਟ ਸੇਵਾਵਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਲੋਕਾਂ ਲਈ ਸਫ਼ਰ ਆਸਾਨ ਬਣਾਉਣਾ ਹੈ।

ਜ਼ਿਕਰਯੋਗ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਸਰਕਾਰ ਨੇ ਕਰੀਬ ਦੋ ਸਾਲ ਪਹਿਲਾਂ ਹੀ ਸੂਬੇ ਵਿੱਚ ਵੱਡੇ ਪੱਧਰ ’ਤੇ ਰੇਲ ਨੈੱਟਵਰਕ ਵਿਕਸਿਤ ਕਰਨ ਦੇ ਸੰਕੇਤ ਦਿੱਤੇ ਸਨ। ਸਰਕਾਰ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵੱਧ ਰਹੀ ਆਬਾਦੀ ਅਤੇ ਹਾਈਵੇਅ ’ਤੇ ਵਧ ਰਹੀ ਟ੍ਰੈਫਿਕ ਨੂੰ ਦੇਖਦਿਆਂ ਇਹ ਯੋਜਨਾ ਭਵਿੱਖ ਲਈ ਲਾਭਦਾਇਕ ਸਾਬਤ ਹੋਵੇਗੀ।ਮੌਜੂਦਾ ਸਮੇਂ ਅਲਬਰਟਾ ਵਿੱਚ ਯਾਤਰੀ ਰੇਲ ਸੇਵਾ ਸੀਮਿਤ ਹੈ ਅਤੇ ਮੁੱਖ ਤੌਰ ’ਤੇ VIA Rail, Rocky Mountaineer ਅਤੇ ਕੈਲਗਰੀ-ਐਡਮੰਟਨ ਦੀਆਂ ਐਲਆਰਟੀ ਸੇਵਾਵਾਂ ਹੀ ਚੱਲ ਰਹੀਆਂ ਹਨ।