ਅਲਬਰਟਾ ਰੈਫਰੈਂਡਮ ਲਈ ਪੀਅਰੇ ਪੋਇਲੀਏਵਰ ਨੇ ਡੇਨ ਲਾਇਡ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਓਟਾਵਾ-ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਇਲੀਏਵਰ ਨੇ ਅਲਬਰਟਾ ਵਿੱਚ ਹੋਣ ਵਾਲੇ ਰੈਫਰੈਂਡਮ ਨਾਲ ਸੰਬੰਧਿਤ ਮਾਮਲਿਆਂ ਲਈ ਸੰਸਦ ਮੈਂਬਰ ਡੇਨ ਲਾਇਡ ਨੂੰ ਆਪਣਾ 'ਰੈਫਰੈਂਡਮ ਲੀਡ' ਨਿਯੁਕਤ ਕੀਤਾ ਹੈ।
ਅਲਬਰਟਾ ਵਿੱਚ ਇਸ ਸਾਲ ਅਕਤੂਬਰ ਮਹੀਨੇ ਵੋਟਿੰਗ ਹੋਵੇਗੀ, ਜਿਸ ਵਿੱਚ ਲੋਕ ਇਹ ਫੈਸਲਾ ਕਰਨਗੇ ਕਿ ਕੀ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਅਧਿਕਾਰਕ ਰੈਫਰੈਂਡਮ ਕਰਵਾਇਆ ਜਾਵੇ ਜਾਂ ਨਹੀਂ।
ਪੀਅਰੇ ਪੋਇਲੀਏਵਰ ਨੇ ਇੱਕ ਖੁੱਲ੍ਹੇ ਪੱਤਰ ਵਿੱਚ ਕਿਹਾ ਕਿ ਡੇਨ ਲਾਇਡ ਅਲਬਰਟਾ ਦੇ ਲੋਕਾਂ ਦੀਆਂ ਚਿੰਤਾਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਕਨਜ਼ਰਵੇਟਿਵ ਪਾਰਟੀ ਅਲਬਰਟਾ ਵਾਸੀਆਂ ਦੀਆਂ ਜਾਇਜ਼ ਚਿੰਤਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਉਨ੍ਹਾਂ ਮੁਤਾਬਕ ਮਹਿੰਗਾਈ, ਰਿਹਾਇਸ਼ ਦੀ ਵਧਦੀ ਲਾਗਤ ਅਤੇ ਕਰਿਆਨੇ ਦੀਆਂ ਚੜ੍ਹਦੀਆਂ ਕੀਮਤਾਂ ਵਰਗੇ ਮੁੱਦੇ ਲੋਕਾਂ ਵਿੱਚ ਨਿਰਾਸ਼ਾ ਦਾ ਕਾਰਨ ਬਣੇ ਹਨ।
ਪੋਇਲੀਏਵਰ ਨੇ ਕਿਹਾ, "ਜਿਨ੍ਹਾਂ ਲੋਕਾਂ ਨੇ ਕੈਨੇਡਾ ਤੋਂ ਉਮੀਦ ਛੱਡ ਦਿੱਤੀ ਹੈ, ਉਹ ਸਾਡੇ ਵੈਰੀ ਨਹੀਂ ਹਨ। ਅਸੀਂ ਉਨ੍ਹਾਂ ਦਾ ਭਰੋਸਾ ਮੁੜ ਜਿੱਤਣ ਲਈ ਕੰਮ ਕਰਾਂਗੇ।"
ਡੇਨ ਲਾਇਡ ਸਾਲ 2017 ਤੋਂ ਅਲਬਰਟਾ ਦੇ ਸਟਰਜਨ ਰਿਵਰ–ਪਾਰਕਲੈਂਡ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।
















