ਡੇਰਾ ਮੁਖੀ ਰਾਮ ਰਹੀਮ ਮੁੜ 40 ਦਿਨਾਂ ਲਈ ਪੈਰੋਲ ’ਤੇ ਆਏ ਬਾਹਰ
ਚੰਡੀਗੜ੍ਹ-ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ’ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਏ ਹਨ। ਜਾਣਕਾਰੀ ਮੁਤਾਬਕ ਡੇਰਾ ਮੁਖੀ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਸਖ਼ਤ ਪੁਲਿਸ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਨਿਕਲੇ ਅਤੇ ਸੱਤ ਐਸਯੂਵੀ ਦੇ ਕਾਫਲੇ ਵਿੱਚ ਸਵੇਰੇ 9 ਵਜੇ ਆਪਣੇ ਸਿਰਸਾ ਡੇਰੇ ਪਹੁੰਚੇ। ਜ਼ਿਕਰਯੋਗ ਹੈ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦਲ ਇਹ 14ਵੀਂ ਵਾਰ ਹੈ ਜਦੋਂ ਉਹ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਅੱਠ ਸਾਲਾਂ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਆਪਣਾ ਜਨਮਦਿਨ 15 ਅਗਸਤ ਨੂੰ ਸਿਰਸਾ ਡੇਰੇ ਵਿੱਚ ਮਨਾਏਗਾ। ਅਗਸਤ 2017 ਵਿੱਚ ਦੋ ਚੇਲਿਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਕੈਦ ਹੋਣ ਤੋਂ ਪਹਿਲਾਂ, ਰਾਮ ਰਹੀਮ ਨੇ ਸਿਰਸਾ ਡੇਰੇ ਵਿੱਚ ਆਪਣਾ ਜਨਮਦਿਨ ਸ਼ਾਨੋ-ਸ਼ੌਕਤ ਨਾਲ ਮਨਾਇਆ ਸੀ। ਇਹ ਤਿਉਹਾਰ ਆਮ ਤੌਰ ’ਤੇ 7 ਅਗਸਤ ਤੋਂ 15 ਅਗਸਤ ਤੱਕ ਹੁੰਦੇ ਸਨ ਅਤੇ ਇਸ ਵਿੱਚ ਕੰਵਰ ਗਰੇਵਾਲ ਅਤੇ ਨੂਰਾਂ ਸਿਸਟਰਜ਼ ਵਰਗੇ ਪ੍ਰਸਿੱਧ ਪੰਜਾਬੀ ਗਾਇਕਾਂ ਦੇ ਪ੍ਰਦਰਸ਼ਨ ਸ਼ਾਮਲ ਹੁੰਦੇ ਸਨ। ਇਸ ਸਾਲ ਉਨ੍ਹਾਂ ਦਾ 58ਵਾਂ ਜਨਮਦਿਨ ਹੈ, ਪਰ ਜਸ਼ਨ ਸੀਮਤ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਸਿਰਸਾ ਡੇਰੇ ਵਿੱਚ ਵੱਡੇ ਇਕੱਠਾਂ ਲਈ ਇਜਾਜ਼ਤ ਨਹੀਂ ਦਿੱਤੀ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਰਾਮ ਰਹੀਮ ਅਜੇ ਵੀ ਆਪਣੇ ਪੈਰੋਕਾਰਾਂ ਨੂੰ ਵਰਚੁਅਲੀ ਸੰਬੋਧਨ ਕਰ ਸਕਦਾ ਹੈ। ਮੌਜੂਦਾ 40 ਦਿਨਾਂ ਦੀ ਪੈਰੋਲ ਇਸ ਸਾਲ ਦੇ ਕੁੱਲ ਪੈਰੋਲ ਕੋਟੇ ਦਾ ਬਾਕੀ ਹਿੱਸਾ ਹੈ।
















