2025 ਦੀ ਦੂਸਰੀ ਤਿਮਾਹੀ ਦੌਰਾਨ ਕੈਨੇਡਾ ਦਾ ਆਬਾਦੀ ਵਾਧਾ ਲਗਭਗ ਸਥਿਰ  

2025 ਦੀ ਦੂਸਰੀ ਤਿਮਾਹੀ ਦੌਰਾਨ ਕੈਨੇਡਾ ਦਾ ਆਬਾਦੀ ਵਾਧਾ ਲਗਭਗ ਸਥਿਰ  

ਓਟਵਾ-2025 ਦੀ ਦੂਜੀ ਤਿਮਾਹੀ ਵਿੱਚ ਕੈਨੇਡਾ ਦਾ ਆਬਾਦੀ ਵਾਧਾ ਲਗਭਗ ਸਥਿਰ ਰਿਹਾ। ਜਾਣਕਾਰੀ ਮੁਤਾਬਕ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਇਸ ਸਾਲ 1 ਅਪ੍ਰੈਲ ਤੋਂ 1 ਜੁਲਾਈ ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ 0.1 ਪ੍ਰਤੀਸ਼ਤ ਦਾ ਵਾਧਾ ਹੋਇਆ ਜਿਸ ਨਾਲ ਦੇਸ਼ ਨੇ ਆਪਣੀ ਆਬਾਦੀ ਵਿੱਚ 47,098 ਲੋਕ ਸ਼ਾਮਿਲ ਕੀਤੇ। ਜਨਵਰੀ ਤੋਂ ਮਾਰਚ ਦੌਰਾਨ ਵੀ ਆਬਾਦੀ ਵਾਧੇ ਦੀ ਇਹੋ ਦਰ ਸੀ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਦਰ 1946 ਤੋਂ ਲੈ ਕੇ (ਜਦੋਂ ਤੋਂ ਰਿਕਾਰਡ ਰੱਖਣੇ ਸ਼ੁਰੂ ਹੋਏ ਹਨ) ਦੂਜੀ ਤਿਮਾਹੀ ਦੀ ਸਭ ਤੋਂ ਘੱਟ ਆਬਾਦੀ ਵਾਧਾ ਦਰ ਹੈ। ਇਸ ਵਿਕਾਸ ਦਰ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਗ਼ੈਰ-ਸਥਾਈ ਨਿਵਾਸੀਆਂ ਦੀ ਗਿਣਤੀ ’ਚ ਕਮੀ ਰਿਹਾ।  ਅਪ੍ਰੈਲ ਤੋਂ ਜੁਲਾਈ ਤੱਕ 58,719 ਗ਼ੈਰ-ਸਥਾਈ ਨਿਵਾਸੀਆਂ ਨੇ ਕੈਨੇਡਾ ਛੱਡਿਆ, ਜੋ ਕਿ 1971 ਤੋਂ ਬਾਅਦ (ਕੋਵਿਡ ਸਾਲਾਂ ਤੋਂ ਇਲਾਵਾ) ਦੂਜਾ ਸਭ ਤੋਂ ਵੱਡਾ ਤਿਮਾਹੀ ਨਿਘਾਰ ਹੈ।
    ਇਹ ਕਮੀ 2024 ਵਿੱਚ ਫੈਡਰਲ ਸਰਕਾਰ ਵੱਲੋਂ ਗ਼ੈਰ-ਸਥਾਈ ਨਿਵਾਸੀਆਂ ਦੀ ਤਾਦਾਦ ਘਟਾਉਣ ਲਈ ਲਿਆਂਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਈ, ਜਿਨ੍ਹਾਂ ’ਚ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਘਟਾਉਣਾ, ਰੁਜ਼ਗਾਰਦਾਤਾਵਾਂ ਲਈ ਘੱਟ-ਉਜਰਤ ਵਾਲੀਆਂ ਨੌਕਰੀਆਂ ਭਰਣ ਬਾਬਤ ਸਖ਼ਤ ਨਿਯਮ ਲਿਆਉਣਾ ਅਤੇ ਸਟੱਡੀ ਪਰਮਿਟਾਂ ਦੀ ਗਿਣਤੀ ਘਟਾਉਣਾ ਸ਼ਾਮਲ ਹਨ। ਪਹਿਲਾਂ, ਕੋਵਿਡ ਮਗਰੋਂ ਹੋਈ ਕਾਮਿਆਂ ਦੀ ਘਾਟ ਕਰਕੇ, ਫ਼ੈਡਰਲ ਸਰਕਾਰ ਨੇ ਇਨ੍ਹਾਂ ਲੋਕਾਂ ਲਈ ਨਿਯਮ ਢਿੱਲੇ ਕਰ ਦਿੱਤੇ ਸਨ। ਇਸ ਕਾਰਨ, 2022 ਤੋਂ 2025 ਦੀ ਸ਼ੁਰੂਆਤ ਤੱਕ ਹਰ ਸਾਲ ਆਬਾਦੀ ਵਿੱਚ ਲਗਭਗ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ।