ਰਿਕਾਰਡ ਤਾਕਤ ਵੱਲ ਵਧ ਰਿਹਾ ‘ਐਲ ਨੀਨੋ’, ਕੈਨੇਡਾ ਵਿੱਚ ਹਲਕੀ ਸਰਦੀ ਦੇ ਸੰਕੇਤ
A strengthening El Niño weather pattern is expected to reach record levels and could bring a milder winter to Canada. Warmer Pacific air may reduce snowfall and increase rainfall, particularly in Western Canada, raising concerns about future droughts, water shortages, and wildfires. The powerful El Niño could also contribute to rising global temperatures and potentially new temperature records.
ਟੋਰਾਂਟੋ-ਮੌਜੂਦਾ ‘ਐਲ ਨੀਨੋ’ ਮੌਸਮੀ ਘਟਨਾ ਲਗਾਤਾਰ ਤਾਕਤ ਫੜ ਰਹੀ ਹੈ ਅਤੇ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਹ ਆਉਣ ਵਾਲੇ ਮਹੀਨਿਆਂ ਵਿੱਚ ਰਿਕਾਰਡ ਪੱਧਰ ਤੱਕ ਪਹੁੰਚ ਸਕਦੀ ਹੈ। ਇਸ ਦੇ ਫਰਵਰੀ ਤੱਕ ਜਾਰੀ ਰਹਿਣ ਦੀ ਸੰਭਾਵਨਾ ਲਗਭਗ 100 ਫ਼ੀਸਦੀ ਦੱਸੀ ਜਾ ਰਹੀ ਹੈ।
ਵਿਸ਼ਵ ਮੌਸਮ ਵਿਗਿਆਨ ਸੰਗਠਨ ਅਨੁਸਾਰ ਜੇ ਮੌਜੂਦਾ ਰੁਝਾਨ ਕਾਇਮ ਰਿਹਾ ਤਾਂ ਇਹ ਪਿਛਲੇ ਚਾਰ ਦਹਾਕਿਆਂ ਦੇ ਸਭ ਤੋਂ ਤਾਕਤਵਰ ‘ਐਲ ਨੀਨੋ’ ਵਿੱਚੋਂ ਇੱਕ ਹੋ ਸਕਦਾ ਹੈ।ਕੈਨੇਡਾ ਦੇ ਮੌਸਮ ਵਿਗਿਆਨੀ ਡੇਵਿਡ ਫਿਲਿਪਸ ਨੇ ਇਸ ਨੂੰ ‘ਸੁਪਰਚਾਰਜਡ ਐਲ ਨੀਨੋ’ ਕਰਾਰ ਦਿੰਦਿਆਂ ਕਿਹਾ ਕਿ ਕੈਨੇਡਾ ਵਿੱਚ ਇਸ ਦਾ ਮੁੱਖ ਪ੍ਰਭਾਵ ਆਮ ਨਾਲੋਂ ਨਰਮ ਅਤੇ ਘੱਟ ਕੜਾਕੇ ਵਾਲੀ ਸਰਦੀ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ।
ਉਨ੍ਹਾਂ ਮੁਤਾਬਕ ਇਸ ਵਾਰ ਆਰਕਟਿਕ ਖੇਤਰ ਤੋਂ ਆਉਣ ਵਾਲੀ ਬਹੁਤ ਠੰਢੀ ਹਵਾ ਦੀ ਬਜਾਏ ਪ੍ਰਸ਼ਾਂਤ ਮਹਾਸਾਗਰ ਵੱਲੋਂ ਆਉਣ ਵਾਲੀਆਂ ਤੁਲਨਾਤਮਕ ਤੌਰ 'ਤੇ ਗਰਮ ਹਵਾਵਾਂ ਦਾ ਪ੍ਰਭਾਵ ਵੱਧ ਰਹਿ ਸਕਦਾ ਹੈ।ਪੱਛਮੀ ਕੈਨੇਡਾ ਵਿੱਚ ਇਸ ਕਾਰਨ ਬਰਫਬਾਰੀ ਘੱਟ ਅਤੇ ਮੀਂਹ ਵੱਧ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਘੱਟ ਬਰਫਬਾਰੀ ਬਸੰਤ ਅਤੇ ਗਰਮੀਆਂ ਦੌਰਾਨ ਪਾਣੀ ਦੀ ਕਮੀ ਦਾ ਕਾਰਨ ਵੀ ਬਣ ਸਕਦੀ ਹੈ।
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਰਫ ਦੀ ਘੱਟ ਮਾਤਰਾ ਕਾਰਨ ਪਾਣੀ ਦੇ ਸਰੋਤ ਪ੍ਰਭਾਵਿਤ ਹੋ ਸਕਦੇ ਹਨ ਅਤੇ ਸੋਕੇ ਤੇ ਜੰਗਲਾਂ ਵਿੱਚ ਅੱਗ ਲੱਗਣ ਦਾ ਖਤਰਾ ਵਧ ਸਕਦਾ ਹੈ। ਪ੍ਰੇਰੀ ਖੇਤਰਾਂ ਦੇ ਕਿਸਾਨਾਂ ਨੂੰ ਵੀ ਸੁੱਕੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦੂਜੇ ਪਾਸੇ ਐਟਲਾਂਟਿਕ ਕੈਨੇਡਾ ਲਈ ਇਹ ਮੌਸਮੀ ਸਥਿਤੀ ਕੁਝ ਹੱਦ ਤੱਕ ਰਾਹਤ ਵਾਲੀ ਹੋ ਸਕਦੀ ਹੈ, ਕਿਉਂਕਿ ‘ਐਲ ਨੀਨੋ’ ਆਮ ਤੌਰ 'ਤੇ ਐਟਲਾਂਟਿਕ ਖੇਤਰ ਵਿੱਚ ਤੂਫਾਨੀ ਗਤੀਵਿਧੀਆਂ ਨੂੰ ਘਟਾਉਣ ਨਾਲ ਜੋੜਿਆ ਜਾਂਦਾ ਹੈ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਾਕਤਵਰ ‘ਐਲ ਨੀਨੋ’ ਦਾ ਅਸਰ ਵਿਸ਼ਵ ਪੱਧਰ ਦੇ ਤਾਪਮਾਨਾਂ ਉੱਤੇ ਵੀ ਪੈ ਸਕਦਾ ਹੈ। 2023-24 ਦੇ ‘ਐਲ ਨੀਨੋ’ ਨੇ 2024 ਨੂੰ ਦੁਨੀਆ ਦੇ ਸਭ ਤੋਂ ਗਰਮ ਸਾਲਾਂ ਵਿੱਚ ਸ਼ਾਮਲ ਕਰਨ ਵਿੱਚ ਯੋਗਦਾਨ ਪਾਇਆ ਸੀ ਅਤੇ ਮਾਹਿਰਾਂ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਨਵੇਂ ਤਾਪਮਾਨ ਰਿਕਾਰਡ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
















