ਜੀ.ਐਨ.ਡੀ.ਯੂ. ਨੇ ਰਚਿਆ ਇਤਿਹਾਸ: ਹੁਣ ਅੰਗਰੇਜ਼ੀ ਨਾਲ ਨਾਲ ਪੰਜਾਬੀ ਵੀ ਬਣੇਗੀ ਖੋਜ ਦੀ ਭਾਸ਼ਾ
ਚੰਡੀਗੜ੍ਹ/ਅੰਮ੍ਰਿਤਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.), ਅੰਮ੍ਰਿਤਸਰ ਨੇ ਪੰਜਾਬੀ-ਫਸਟ ਐਜੂਕੇਸ਼ਨ, ਰਿਸਰਚ ਐਂਡ ਗਵਰਨੈਂਸ ਪਾਲਿਸੀ–2026 ਨੂੰ ਮਨਜ਼ੂਰੀ ਦੇ ਕੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਇਸ ਨੀਤੀ ਅਧੀਨ ਹੁਣ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ (ਗੁਰਮੁਖੀ) ਵੀ ਖੋਜ ਦੀ ਅਧਿਕਾਰਿਕ ਭਾਸ਼ਾ ਹੋਵੇਗੀ।
ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਨੀਤੀ ਦਾ ਮੁੱਖ ਉਦੇਸ਼ ਉਚੇਰੀ ਸਿੱਖਿਆ ਨੂੰ ਸਮਾਜ ਨਾਲ ਮੁੜ ਜੋੜਨਾ ਅਤੇ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ ਵਿੱਚ ਸਿੱਖਣ ਅਤੇ ਖੋਜ ਕਰਨ ਦਾ ਮੌਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਵਿਸ਼ਵ ਪੱਧਰੀ ਅਕਾਦਮਿਕ ਮਿਆਰਾਂ ਨਾਲ ਕੋਈ ਸਮਝੌਤਾ ਨਹੀਂ ਕਰਦਾ।
ਯੂਨੀਵਰਸਿਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੀਐਚ.ਡੀ. ਥੀਸਸ, ਖੋਜ ਨਿਬੰਧ (ਡਿਜ਼ਰਟੇਸ਼ਨ), ਪ੍ਰੋਜੈਕਟ ਰਿਪੋਰਟਾਂ ਅਤੇ ਫੰਡਿਡ ਰਿਸਰਚ ਆਊਟਪੁੱਟ ਹੁਣ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਪੰਜਾਬੀ ਵਿੱਚ ਜਮ੍ਹਾਂ ਹੋਣ ਵਾਲੇ ਕੰਮ ਦੀ ਮੁਲਾਂਕਣ ਅਕਾਦਮਿਕ ਸ਼ੁੱਧਤਾ, ਮੂਲ ਖੋਜ ਅਤੇ ਸਪੱਸ਼ਟਤਾ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ।
ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਨੀਤੀ ਖ਼ਾਸ ਕਰਕੇ ਪੇਂਡੂ, ਸਰਹੱਦੀ ਅਤੇ ਪਹਿਲੀ ਪੀੜ੍ਹੀ ਦੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ, ਜੋ ਆਪਣੀ ਮਾਤ-ਭਾਸ਼ਾ ਵਿੱਚ ਵਿਚਾਰਾਂ ਨੂੰ ਵਧੀਆ ਢੰਗ ਨਾਲ ਪ੍ਰਗਟ ਕਰ ਸਕਦੇ ਹਨ। ਇਸ ਨਾਲ ਖੋਜ ਕਾਰਜਾਂ ਦੀ ਸਮਾਜਿਕ ਪਹੁੰਚ ਵਧੇਗੀ ਅਤੇ ਗਿਆਨ ਨੀਤੀ ਨਿਰਮਾਣ, ਸਿੱਖਿਆ, ਸਿਹਤ, ਖੇਤੀਬਾੜੀ ਅਤੇ ਉਦਯੋਗ ਤੱਕ ਆਸਾਨੀ ਨਾਲ ਪਹੁੰਚੇਗਾ।
ਨੀਤੀ ਦੇ ਸੁਚਾਰੂ ਲਾਗੂਕਰਨ ਲਈ ਜੀ.ਐਨ.ਡੀ.ਯੂ. ਵੱਲੋਂ ਵਿਭਾਗ-ਵਾਰ ਪੰਜਾਬੀ ਅਕਾਦਮਿਕ ਸ਼ਬਦਾਵਲੀ, ਅਕਾਦਮਿਕ ਰਾਈਟਿੰਗ ਗਾਈਡ, ਅਨੁਵਾਦ ਸਹਾਇਤਾ ਇਕਾਈ ਅਤੇ ਦੋਭਾਸ਼ੀ ਡਿਜੀਟਲ ਰਿਪੋਜ਼ਟਰੀ ਸਥਾਪਤ ਕੀਤੀ ਜਾਵੇਗੀ। ਇਹ ਨੀਤੀ ਪੜਾਅਵਾਰ ਢੰਗ ਨਾਲ ਲਾਗੂ ਹੋਵੇਗੀ ਅਤੇ ਅਗਲੇ ਅਕਾਦਮਿਕ ਸੈਸ਼ਨ ਤੋਂ ਪ੍ਰਭਾਵੀ ਰਹੇਗੀ।
ਉਪ-ਕੁਲਪਤੀ ਨੇ ਕਿਹਾ ਕਿ ਇਸ ਕਦਮ ਨਾਲ ਪੰਜਾਬੀ ਸਿਰਫ਼ ਸੱਭਿਆਚਾਰ ਦੀ ਨਹੀਂ, ਸਗੋਂ ਵਿਗਿਆਨ, ਨਵੀਨਤਾ ਅਤੇ ਲੋਕ-ਭਲਾਈ ਦੀ ਭਾਸ਼ਾ ਵਜੋਂ ਵੀ ਸਥਾਪਿਤ ਹੋਵੇਗੀ। ਇਹ ਪਹਿਲ ਕੌਮੀ ਸਿੱਖਿਆ ਨੀਤੀ–2020 ਦੀ ਭਾਵਨਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।
















