ਕਾਰਨੀ ਨੇ ਅਲਬਰਟਾ ਵਿੱਚ ਕੈਨੇਡਾ ਦੇ ਹੱਕ ਵਿੱਚ ਮੁਹਿੰਮ ਸਮਾਪਤ ਕੀਤੀ, ਲੋਕਾਂ ਨੂੰ ਦੇਸ਼ ਨਾਲ ਜੁੜੇ ਰਹਿਣ ਦੀ ਅਪੀਲ

Canadian Prime Minister Mark Carney concluded his two-day pro-Canada tour in Edmonton on Friday, urging Albertans to vote to remain in Canada ahead of Monday’s referendum.

ਕਾਰਨੀ ਨੇ ਅਲਬਰਟਾ ਵਿੱਚ ਕੈਨੇਡਾ ਦੇ ਹੱਕ ਵਿੱਚ ਮੁਹਿੰਮ ਸਮਾਪਤ ਕੀਤੀ, ਲੋਕਾਂ ਨੂੰ ਦੇਸ਼ ਨਾਲ ਜੁੜੇ ਰਹਿਣ ਦੀ ਅਪੀਲ

ਐਡਮੰਟਨ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਰਾਤ ਆਪਣੇ ਜੱਦੀ ਸ਼ਹਿਰ ਐਡਮੰਟਨ ਵਿੱਚ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਅਲਬਰਟਾ ਦੇ ਲੋਕਾਂ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਿੱਚ ਕੈਨੇਡਾ ਦੇ ਹੱਕ ਵਿੱਚ ਚਲਾਈ ਆਪਣੀ ਦੋ ਦਿਨਾਂ ਮੁਹਿੰਮ ਸਮਾਪਤ ਕੀਤੀ।

ਐਕਸਪੋ ਸੈਂਟਰ ਵਿੱਚ ਕਰਵਾਈ ਗਈ ‘ਫ਼ੌਰਐਵਰ ਕੈਨੇਡੀਅਨ’ ਰੈਲੀ ਦੌਰਾਨ ਕਾਰਨੀ ਨੇ ਕਿਹਾ ਕਿ ਅਲਬਰਟਾ ਉਨ੍ਹਾਂ ਦਾ ਘਰ ਹੈ ਅਤੇ ਇਸ ਸ਼ਹਿਰ, ਸੂਬੇ ਤੇ ਦੇਸ਼ ਨੇ ਉਨ੍ਹਾਂ ਨੂੰ ਪਰਿਵਾਰ, ਸਿੱਖਿਆ ਅਤੇ ਜੀਵਨ ਦੇ ਮੁੱਲ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵਿਰੁੱਧ ਵੋਟ ਪਾਉਣਾ ਖ਼ਤਰਨਾਕ ਕਦਮ ਹੋਵੇਗਾ, ਜਿਸ ਨਾਲ ਲੰਬੇ ਸਮੇਂ ਤੱਕ ਅਨਿਸ਼ਚਿਤਤਾ ਅਤੇ ਮੌਕਿਆਂ ਦਾ ਨੁਕਸਾਨ ਹੋ ਸਕਦਾ ਹੈ।

ਕਾਰਨੀ ਨੇ ਪਿਛਲੇ ਦੋ ਦਿਨਾਂ ਦੌਰਾਨ ਐਡਮੰਟਨ, ਰੈੱਡ ਡੀਅਰ ਅਤੇ ਕੈਲਗਰੀ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਦੇਸ਼ ਦੀ ਏਕਤਾ ਬਣਾਈ ਰੱਖਣ ਦਾ ਸੱਦਾ ਦਿੱਤਾ। ਸ਼ੁੱਕਰਵਾਰ ਨੂੰ ਰੈੱਡ ਡੀਅਰ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀ ਉਨ੍ਹਾਂ ਨਾਲ ਮੌਜੂਦ ਸਨ। ਦੋਵਾਂ ਆਗੂਆਂ ਨੇ ਕੈਨੇਡਾ ਦੀ ਏਕਤਾ ਦੇ ਹੱਕ ਵਿੱਚ ਗੱਲ ਕੀਤੀ ਅਤੇ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਤੇਲ ਪਾਈਪਲਾਈਨ ਦੇ ਪ੍ਰਸਤਾਵ ’ਤੇ ਹੋ ਰਹੀ ਤਰੱਕੀ ਦਾ ਜ਼ਿਕਰ ਕੀਤਾ।

ਹਾਲਾਂਕਿ, ਅਲਬਰਟਾ ਵਿੱਚ ਪ੍ਰਸਤਾਵਿਤ ਰੈਫਰੈਂਡਮ ਦੇ ਹੋਰ ਮੁੱਦਿਆਂ ’ਤੇ ਦੋਵਾਂ ਆਗੂਆਂ ਵਿਚਾਲੇ ਮਤਭੇਦ ਬਰਕਰਾਰ ਹਨ। ਰੈਫਰੈਂਡਮ ਵਿੱਚ ਕੁੱਲ 10 ਸਵਾਲ ਹਨ। ਇਨ੍ਹਾਂ ਵਿੱਚੋਂ ਇੱਕ ਸਵਾਲ ਕੈਨੇਡਾ ਤੋਂ ਵੱਖ ਹੋਣ ਬਾਰੇ ਹੈ, ਜਦਕਿ ਬਾਕੀ ਨੌਂ ਸਵਾਲ ਇਮੀਗ੍ਰੇਸ਼ਨ ਨੀਤੀਆਂ ਅਤੇ ਸੰਵਿਧਾਨਕ ਤਬਦੀਲੀਆਂ ਨਾਲ ਸਬੰਧਤ ਹਨ। ਕਾਰਨੀ ਨੇ ਲੋਕਾਂ ਨੂੰ ਇਨ੍ਹਾਂ ਨੌਂ ਪ੍ਰਸਤਾਵਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ, ਜਦਕਿ ਸਮਿਥ ਇਨ੍ਹਾਂ ਲਈ ਲੋਕਾਂ ਦਾ ਸਮਰਥਨ ਹਾਸਲ ਕਰਨਾ ਚਾਹੁੰਦੀ ਹੈ।

ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਇਲੀਵਰ ਨੇ ਵੀ ਕੈਲਗਰੀ ਵਿੱਚ ਆਪਣੇ ਸੰਬੋਧਨ ਦੌਰਾਨ ਅਲਬਰਟਾ ਵਾਸੀਆਂ ਨੂੰ ਕੈਨੇਡਾ ਵਿੱਚ ਬਣੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਨਾਰਾਜ਼ਗੀਆਂ ਦੇ ਬਾਵਜੂਦ ਦੇਸ਼ ਛੱਡਣਾ ਹੱਲ ਨਹੀਂ ਹੈ ਅਤੇ ਆਪਣੇ ਵਿਸ਼ਵਾਸਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ।

ਸਰਵੇਖਣਾਂ ਵਿੱਚ ਬਹੁਗਿਣਤੀ ਅਲਬਰਟਾ ਵਾਸੀਆਂ ਵੱਲੋਂ ਕੈਨੇਡਾ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਵੋਟ ਪਾਉਣ ਦੇ ਸੰਕੇਤ ਮਿਲ ਰਹੇ ਹਨ। ਹਾਲਾਂਕਿ, ਆਗੂਆਂ ਨੇ ਘੱਟ ਵੋਟਿੰਗ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਲੈਕਸ਼ਨਜ਼ ਅਲਬਰਟਾ ਅਨੁਸਾਰ ਵੀਰਵਾਰ ਰਾਤ ਤੱਕ 10 ਲੱਖ ਤੋਂ ਵੱਧ ਲੋਕ ਵੋਟ ਪਾ ਚੁੱਕੇ ਸਨ। ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਦੌਰਾਨ ਸੂਬੇ ਦੇ ਲੋਕ ਫ਼ੈਸਲਾ ਕਰਨਗੇ ਕਿ ਅਲਬਰਟਾ ਕੈਨੇਡਾ ਦਾ ਹਿੱਸਾ ਬਣਿਆ ਰਹੇ ਜਾਂ ਵੱਖ ਹੋਣ ਦੀ ਪ੍ਰਕਿਰਿਆ ਵੱਲ ਕਦਮ ਵਧਾਏ।