ਅਲਬਰਟਾ ਵਿੱਚ ਤੇਜ਼ ਤੂਫ਼ਾਨ ਦੌਰਾਨ ਟੋਰਨੇਡੋ ਨੇ ਮਾਰੀ ਦਸਤਕ, ਨੁਕਸਾਨ ਦਾ ਜਾਇਜ਼ਾ ਜਾਰੀ
ਅਲਬਰਟਾ-ਦੱਖਣੀ-ਮੱਧ ਅਲਬਰਟਾ ਵਿੱਚ ਆਏ ਇੱਕ ਸ਼ਕਤੀਸ਼ਾਲੀ ਤੂਫ਼ਾਨੀ ਸਿਸਟਮ ਦੌਰਾਨ ਘੱਟੋ-ਘੱਟ ਇੱਕ ਬਵੰਡਰ (ਟੋਰਨੇਡੋ) ਦੇ ਜ਼ਮੀਨ 'ਤੇ ਉਤਰਣ ਦੀ ਪੁਸ਼ਟੀ ਹੋਈ ਹੈ।ਨਾਰਦਰਨ ਟੋਰਨੇਡੋਜ਼ ਪ੍ਰੋਜੈਕਟ ਮੁਤਾਬਕ ਬਵੰਡਰ ਨੇ ਰੌਕੀ ਮਾਊਂਟੇਨ ਹਾਊਸ ਇਲਾਕੇ ਵਿੱਚ ਜ਼ਮੀਨ ਨੂੰ ਛੂਹਿਆ। ਇਹ ਇਲਾਕਾ ਕੈਲਗਰੀ ਅਤੇ ਐਡਮੰਟਨ ਦੇ ਵਿਚਕਾਰ ਸਥਿਤ ਹੈ।
ਵੈਸਟਰਨ ਯੂਨੀਵਰਸਿਟੀ ਅਤੇ ਇੰਪੈਕਟਡਬਲਯੂਐਕਸ (ImpactWX) ਦੀ ਸਾਂਝੀ ਪਹਿਲ ਹੇਠ ਚੱਲ ਰਹੇ ਇਸ ਪ੍ਰੋਜੈਕਟ ਨੇ ਦੱਸਿਆ ਕਿ ਕੁਝ ਥਾਵਾਂ 'ਤੇ ਨੁਕਸਾਨ ਦੀਆਂ ਰਿਪੋਰਟਾਂ ਮਿਲੀਆਂ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ।ਮਾਹਿਰਾਂ ਦੀ ਇੱਕ ਟੀਮ ਐਤਵਾਰ ਨੂੰ ਪ੍ਰਭਾਵਿਤ ਇਲਾਕੇ ਦਾ ਦੌਰਾ ਕਰੇਗੀ, ਜਿੱਥੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਦਾ ਕੰਮ ਕੀਤਾ ਜਾਵੇਗਾ।
ਸ਼ਨੀਵਾਰ ਨੂੰ ਅਲਬਰਟਾ ਦੇ ਕਈ ਹਿੱਸਿਆਂ ਵਿੱਚ ਦੇਰ ਸ਼ਾਮ ਤੱਕ ਗੰਭੀਰ ਗਰਜ-ਚਮਕ ਵਾਲੇ ਤੂਫ਼ਾਨਾਂ (Severe Thunderstorms) ਦੀਆਂ ਚੇਤਾਵਨੀਆਂ ਜਾਰੀ ਰਹੀਆਂ।ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ ਐਤਵਾਰ ਦੁਪਹਿਰ ਬਾਅਦ ਮੁੜ ਗਰਜ-ਚਮਕ ਵਾਲੇ ਤੂਫ਼ਾਨ ਬਣਨ ਦੀ ਸੰਭਾਵਨਾ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਕੋਈ ਨਵੀਂ ਚੇਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ।
















