ਅਮਰੀਕਾ ਨਾਲ ਵਪਾਰਕ ਤਣਾਅ ਵਿਚਕਾਰ ਕੈਨੇਡਾ ਮਜ਼ਬੂਤੀ ਵੱਲ ਵਧੇਗਾ: ਪ੍ਰਧਾਨ ਮੰਤਰੀ ਕਾਰਨੀ
ਓਟਾਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਮਰੀਕਾ ਨਾਲ ਵਧ ਰਹੇ ਵਪਾਰਕ ਤਣਾਅ ਦੇ ਮਾਹੌਲ ਵਿੱਚ ਕੈਨੇਡਾ ਨੂੰ ਆਪਣੀਆਂ ਕਮਜ਼ੋਰੀਆਂ ਦੂਰ ਕਰਦਿਆਂ ਖੁਦ ਨੂੰ ਹੋਰ ਮਜ਼ਬੂਤ ਬਣਾਉਣਾ ਪਵੇਗਾ।
ਕਾਰਨੀ ਨੇ ਆਪਣੇ ਸਰਕਾਰੀ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਅਮਰੀਕਾ ਨਾਲ ਨਜ਼ਦੀਕੀ ਸੰਬੰਧ ਕਦੇ ਕੈਨੇਡਾ ਦੀ ਤਾਕਤ ਸਨ, ਪਰ ਹੁਣ ਉਹ ਕਈ ਥਾਵਾਂ ‘ਤੇ ਕਮਜ਼ੋਰੀ ਬਣ ਗਏ ਹਨ, ਜਿਨ੍ਹਾਂ ਨੂੰ ਠੀਕ ਕਰਨਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ, ਹੋਰ ਦੇਸ਼ਾਂ ਨਾਲ ਸਾਂਝੇਦਾਰੀਆਂ ਬਣਾਉਣ ਅਤੇ ਨਵੀਆਂ ਮਾਰਕੀਟਾਂ ਖੋਲ੍ਹਣ ‘ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਸੁਰੱਖਿਆ, ਸਰਹੱਦਾਂ ਅਤੇ ਭਵਿੱਖ ‘ਤੇ ਖੁਦ ਦਾ ਕੰਟਰੋਲ ਵਧਾਉਣ ਦੀ ਯੋਜਨਾ ਹੈ।
ਕਾਰਨੀ ਨੇ ਦੱਸਿਆ ਕਿ ਟੋਰਾਂਟੋ ਵਿੱਚ ਸਤੰਬਰ ਮਹੀਨੇ ਇੱਕ ਗਲੋਬਲ ਇਨਵੈਸਟਰ ਸਮਿੱਟ ਕਰਵਾਈ ਜਾਵੇਗੀ, ਜਿਸ ਰਾਹੀਂ ਲਗਭਗ 1 ਟ੍ਰਿਲੀਅਨ ਡਾਲਰ ਦਾ ਵਿਦੇਸ਼ੀ ਨਿਵੇਸ਼ ਖਿੱਚਣ ਦਾ ਲਕਸ਼ ਹੈ।ਉਨ੍ਹਾਂ ਕਿਹਾ ਕਿ ਆਟੋਮੋਟਿਵ, ਸਟੀਲ ਅਤੇ ਲੱਕੜ ਉਦਯੋਗ ਅਮਰੀਕੀ ਟੈਰਿਫ਼ਾਂ ਕਾਰਨ ਪ੍ਰਭਾਵਿਤ ਹੋ ਰਹੇ ਹਨ ਅਤੇ ਇਸ ਦਾ ਜਵਾਬ ਦੇਣ ਲਈ “ਕੈਨੇਡਾ ਸਟ੍ਰਾਂਗ” ਯੋਜਨਾ ਲਿਆਂਦੀ ਗਈ ਹੈ। ਇਸ ਯੋਜਨਾ ਤਹਿਤ ਦੇਸ਼ ਦੀ ਅਰਥਵਿਵਸਥਾ ਨੂੰ ਇਕਜੁੱਟ ਕਰਨਾ ਅਤੇ ਊਰਜਾ ਤੇ ਵਪਾਰਕ ਰਾਹਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਕਾਰਨੀ ਨੇ ਸਾਫ਼ ਊਰਜਾ ਖੇਤਰ ਨੂੰ ਵਧਾਉਣ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਕੈਨੇਡਾ ਆਪਣੀ ਸਮਰੱਥਾ ਦੋਗੁਣੀ ਕਰਨ ਦੀ ਯੋਜਨਾ ਬਣਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕਾਂ ਨੇ ਇਸ ਸੰਕਟ ਦਾ ਜਵਾਬ “ਲੋਕਲ ਖਰੀਦੋ” ਰਾਹੀਂ ਦਿੱਤਾ ਹੈ ਅਤੇ ਆਪਣੇ ਦੇਸ਼ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਵੱਡੇ ਨਤੀਜੇ ਆਉਣ ਵਿੱਚ ਸਮਾਂ ਲੱਗੇਗਾ, ਇਸ ਲਈ ਲੋਕਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ।
ਇਸ ਮਾਮਲੇ ‘ਤੇ ਵਿਰੋਧੀ ਕਨਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਵਰ ਨੇ ਕਾਰਨੀ ਦੀ ਨੀਤੀ ਦੀ ਆਲੋਚਨਾ ਕਰਦਿਆਂ ਇਸ ਨੂੰ “ਭਰਮ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਡਰ ਦਾ ਮਾਹੌਲ ਬਣਾਕੇ ਆਪਣੇ ਅੰਦਰੂਨੀ ਨਾਕਾਮੀਆਂ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ।ਪੋਇਲੀਵਰ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਕੁਦਰਤੀ ਸਰੋਤਾਂ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣੀ, ਪਾਈਪਲਾਈਨਾਂ ਬਣਾਉਣੀਆਂ ਅਤੇ ਘਰਾਂ ਦੀ ਨਿਰਮਾਣ ਪ੍ਰਕਿਰਿਆ ਤੇਜ਼ ਕਰਨੀ ਲੋੜੀਂਦੀ ਹੈ।ਪ੍ਰਧਾਨ ਮੰਤਰੀ ਕਾਰਨੀ ਨੇ ਅੰਤ ਵਿੱਚ ਕਿਹਾ ਕਿ ਦੁਨੀਆ ਵਿੱਚ ਹਾਲਾਤ ਗੰਭੀਰ ਹਨ, ਪਰ ਕੈਨੇਡਾ ਇਕੱਠੇ ਹੋ ਕੇ ਇਸ ਚੁਣੌਤੀ ਦਾ ਸਾਹਮਣਾ ਕਰੇਗਾ।
















