ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਫਾਈਨਲ ਮੈਚ ਐਤਵਾਰ ਨੂੰ
ਮੁੰਬਈ-ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਫਾਈਨਲ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਵਿਲ ਯੰਗ ਅਤੇ ਰਚਿਨ ਰਵਿੰਦਰਾ ਨੇ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਵਿਚਾਲੇ 57 ਦੌੜਾਂ ਦੀ ਸਾਂਝੇਦਾਰੀ ਹੋਈ। ਵਰੁਣ ਚੱਕਰਵਰਤੀ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਉਸ ਨੇ ਯੰਗ (15) ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਰਚਿਨ ਰਵਿੰਦਰ 29 ਗੇਂਦਾਂ ਵਿੱਚ 37 ਦੌੜਾਂ ਬਣਾ ਕੇ ਆਊਟ ਹੋ ਗਏ। ਕੁਲਦੀਪ ਨੇ ਉਸ ਨੂੰ ਕਲੀਨ ਬੋਲਡ ਕੀਤਾ। ਕੇਨ ਵਿਲੀਅਮਸਨ 14 ਗੇਂਦਾਂ ਵਿੱਚ 11 ਦੌੜਾਂ ਹੀ ਬਣਾ ਸਕਿਆ। ਟਾਮ ਲੈਥਮ ਨੇ 30 ਗੇਂਦਾਂ ਵਿੱਚ 14 ਦੌੜਾਂ ਦਾ ਯੋਗਦਾਨ ਪਾਇਆ। ਗਲੇਨ ਫਿਲਿਪਸ ਅਤੇ ਡੇਰਿਲ ਮਿਸ਼ੇਲ ਕ੍ਰੀਜ਼ ’ਤੇ ਮੌਜੂਦ ਹਨ।
ਜ਼ਿਕਰਯੋਗ ਹੈ ਦੋਵੇਂ ਟੀਮਾਂ ਅੱਠ ਸਾਲ ਬਾਅਦ ਖੇਡੇ ਜਾ ਰਹੇ ਇਸ ਟੂਰਨਾਮੈਂਟ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੀਆਂ। ਸੈਮੀਫਾਈਨਲ ’ਚ ਭਾਰਤ ਨੇ ਵਨਡੇ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਆਪਣੀ ਜਗਹਾ ਪੱਕੀ ਕਰ ਲਈ, ਜਦਕਿ 2000 ਦੀ ਜੇਤੂ ਨਿਊਜ਼ੀਲੈਂਡ, ਜੋ ਗਰੁੱਪ ਏ ’ਚ ਦੂਜੇ ਸਥਾਨ ’ਤੇ ਰਹੀ, ਨੇ ਲਾਹੌਰ ’ਚ ਦੱਖਣੀ ਅਫਰੀਕਾ ਨੂੰ ਹਰਾਇਆ।
ਗੌਰਤਲਬ ਹੈ ਕਿ ਵਨਡੇ ਵਿਸ਼ਵ ਕੱਪ ’ਚ ਦੋਵੇਂ ਟੀਮਾਂ 10 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਨੇ ਪੰਜ-ਪੰਜ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਚੈਂਪੀਅਨਸ ਟਰਾਫੀ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਨੇ ਦੋ ਮੈਚਾਂ ਵਿੱਚ ਇੱਕ-ਇੱਕ ਮੈਚ ਜਿੱਤਿਆ ਹੈ।
















