ਸ਼੍ਰੀ ਲੰਕਾ-ਦਿਵਿਆਂਗ ਚੈਂਪੀਅਨਸ ਟਰਾਫੀ 2025 ਜੋ ਕਿ ਸ਼੍ਰੀਲੰਕਾ 'ਚ 12 ਤੋਂ 21 ਜਨਵਰੀ ਤੱਕ ਹੋਣ ਜਾ ਰਿਹਾ ਹੈ, ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਡਿਸਏਬਲਡ ਕ੍ਰਿਕਟ ਕੌਂਸਲ ਆਫ ਇੰਡੀਆ (ਡੀਸੀਸੀਆਈ) ਦੇ ਰਾਸ਼ਟਰੀ ਚੋਣ ਪੈਨਲ (ਐਨਐਸਪੀ) ਨੇ 17 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਦੀ ਕਪਤਾਨੀ ਵਿਕਰਾਂਤ ਰਵਿੰਦਰ ਕੇਨੀ ਨੂੰ ਸੌਂਪੀ ਗਈ ਹੈ। ਰਵਿੰਦਰ ਗੋਪੀਨਾਥ ਸਾਂਤੇ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਦੀ ਚੋਣ ਜੈਪੁਰ 'ਚ ਰੋਹਿਤ ਜਲਾਨੀ ਦੀ ਪ੍ਰਧਾਨਗੀ 'ਚ ਆਯੋਜਿਤ ਇਕ ਤੀਬਰ ਸਿਖਲਾਈ ਕੈਂਪ ਦੌਰਾਨ ਕੀਤੀ ਗਈ। ਜਲਾਨੀ ਦਿਵਿਆਂਗ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵੀ ਹਨ। ਜਲਾਨੀ ਨੇ ਕਿਹਾ, 'ਇਹ ਇਕ ਸੰਤੁਲਿਤ ਟੀਮ ਹੈ ਜੋ ਕਿਸੇ ਵੀ ਵਿਰੋਧੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਟੀਮ ਇੰਡੀਆ ਇਸ ਟੂਰਨਾਮੈਂਟ 'ਚ ਇਤਿਹਾਸ ਰਚਣ ਜਾ ਰਹੀ ਹੈ ਅਤੇ ਇਹ ਟੀਮ ਨੂੰ ਹੌਂਸਲਾ ਦੇਣ ਅਤੇ ਸਮਰਥਨ ਦੇਣ ਦਾ ਸਮਾਂ ਹੈ। ਮੈਂ ਹਰ ਕ੍ਰਿਕਟ ਪ੍ਰਸ਼ੰਸਕ ਨੂੰ ਅਪੀਲ ਕਰਦਾ ਹਾਂ ਕਿ ਉਹ ਸੋਸ਼ਲ ਮੀਡੀਆ 'ਤੇ #dumhaiteammai ਹੈਸ਼ਟੈਗ ਦੀ ਵਰਤੋਂ ਕਰਕੇ ਸਾਡੇ ਖਿਡਾਰੀਆਂ ਨੂੰ ਚੀਅਰ ਕਰਨ।' ਜ਼ਿਕਰਯੋਗ ਹੈ ਕਿ ਦਿਵਿਆਂਗ ਚੈਂਪੀਅਨਜ਼ ਟਰਾਫੀ ਪਹਿਲੀ ਵਾਰ ਛੇ ਸਾਲ ਪਹਿਲਾਂ 2019 ਵਿੱਚ ਆਯੋਜਿਤ ਕੀਤੀ ਗਈ ਸੀ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਕਰੇਗਾ। ਇਹ ਮੈਚ 12 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਚਾਰ ਟੀਮਾਂ ਭਾਗ ਲੈਣਗੀਆਂ। ਇਸ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਸ੍ਰੀਲੰਕਾ ਸ਼ਾਮਲ ਹਨ ਡੀਸੀਸੀਆਈ ਦੇ ਜਨਰਲ ਸਕੱਤਰ ਰਵੀ ਚੌਹਾਨ ਨੇ ਕਿਹਾ, ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦੀ ਭਾਗੀਦਾਰੀ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਕੋਲੰਬੋ 'ਚ ਹੋਣ ਵਾਲਾ ਇਹ ਵੱਕਾਰੀ ਟੂਰਨਾਮੈਂਟ ਨਾ ਸਿਰਫ ਸਾਡੇ ਖਿਡਾਰੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਵੇਗਾ ਸਗੋਂ ਖੇਡਾਂ 'ਚ ਲੈਵਲ ਪਲੇਅ ਫੀਲਡ ਦੀ ਮਹੱਤਤਾ ਨੂੰ ਵੀ ਉਜਾਗਰ ਕਰੇਗਾ।