ਕੈਨੇਡਾ ਵਿੱਚ ਹੋਣ ਵਾਲੀਆਂ ਅਗਲੀਆਂ ਸੰਸਦੀ ਚੋਣਾਂ ਵਿੱਚ ਮੰਤਰੀ ਆਰਿਫ ਵਿਰਾਨੀ ਤੇ ਮੈਰੀ ਐਨਜੀ ਨੇ ਖਿੱਚੇ ਕਦਮ ਪਿੱਛੇ
ਵੈਨਕੂਵਰ-ਕੈਨੇਡਾ ਵਿੱਚ ਹੋਣ ਵਾਲੀਆਂ ਅਗਲੀਆਂ ਸੰਸਦੀ ਚੋਣਾਂ ਵਿੱਚ ਕਾਨੂੰਨ ਮੰਤਰੀ ਤੇ ਅਟਾਰਨੀ ਜਨਰਲ ਆਰਿਫ ਵਿਰਾਨੀ ਅਤੇ ਕੌਮਾਂਤਰੀ ਵਪਾਰ ਤੇ ਅਰਥਚਾਰੇ ਦੇ ਵਿਕਾਸ ਬਾਰੇ ਮੰਤਰੀ ਮੈਰੀ ਐਨਜੀ ਵਲੋਂ ਅੱਜ ਆਪਣੇ ਐਕਸ ਖਾਤਿਆਂ ’ਤੇ ਐਲਾਨ ਕੀਤਾ ਗਿਆ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣਨਗੇ। ਜਾਣਕਾਰੀ ਮੁਤਾਬਕ ਆਰਿਫ ਵਿਰਾਨੀ ਨੇ ਆਪਣੇ ਐਕਸ ਖਾਤੇ ’ਤੇ ਇਕ ਪੋਸਟ ਵਿੱਚ ਲਿਖਿਆ ਕਿ ਕਈ ਹਫਤੇ ਆਪਣੀ ਜ਼ਮੀਰ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਭਰੇ ਮਨ ਨਾਲ ਫੈਸਲਾ ਲੈਣ ਲਈ ਮਜਬੂਰ ਹੋਏ ਹਨ ਕਿ ਅਗਲੀਆਂ ਚੋਣਾਂ ਤੋਂ ਬਾਅਦ ਉਹ ਸੰਸਦ ਦੇ ਅੰਦਰੋਂ ਕੈਨੇਡਾ ਲਈ ਕੁਝ ਕਰ ਸਕਣ ਤੋਂ ਅਸਮਰਥ ਹੋਣਗੇ। ਉਨ੍ਹਾਂ ਅਸਿੱਧੇ ਢੰਗ ਨਾਲ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ। ਉਧਰ ਕੌਮਾਂਤਰੀ ਵਪਾਰ ਮੰਤਰੀ ਮੈਰੀ ਨੇ ਵੀ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਹਨ। ਸਿਆਸੀ ਮਾਹਿਰ ਸਮਝਣ ਲੱਗੇ ਹਨ ਕਿ ਅਗਲੀ ਸੰਸਦੀ ਚੋਣ, ਜਿਸ ਦੇ ਅਪਰੈਲ ਅਖੀਰ ਜਾਂ ਮਈ ਦੇ ਪਹਿਲੇ ਹਫਤੇ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ, ਤੋਂ ਪਹਿਲਾਂ ਹੀ ਲਿਬਰਲ ਪਾਰਟੀ ਆਗੂਆਂ ਵਲੋਂ ਚੋਣ ਮੈਦਾਨ ’ਚੋਂ ਭੱਜਣ ਦੇ ਸੰਕੇਤ ਦਿੰਦਾ ਹੈ। ਇਹ ਆਗੂ ਆਪਣੇ ਮੱਥੇ ’ਤੇ ਹਾਰ ਦਾ ਟਿੱਕਾ ਲਵਾਉਣ ਦੀ ਥਾਂ ਚੋਣ ਲੜਨ ਤੋਂ ਨਾਂਹ ਕਰਨ ਲੱਗੇ ਹਨ।
















