ਵੈਨਕੂਵਰ ਦੇ ਹੋਸਪਿਟੈਲਿਟੀ ਕਰਮਚਾਰੀਆਂ ਵੱਲੋਂ ਸਿਟੀ ਹਾਲ ਕੋਲ ਨਵੀਆਂ ਜਨ ਸੁਣਵਾਈਆਂ ਦੀ ਮੰਗ

ਵੈਨਕੂਵਰ ਦੇ ਹੋਸਪਿਟੈਲਿਟੀ ਕਰਮਚਾਰੀਆਂ ਵੱਲੋਂ ਸਿਟੀ ਹਾਲ ਕੋਲ ਨਵੀਆਂ ਜਨ ਸੁਣਵਾਈਆਂ ਦੀ ਮੰਗ

ਵੈਨਕੂਵਰ- ਵੈਨਕੂਵਰ ਦੇ ਹੋਸਪਿਟੈਲਿਟੀ ਕਰਮਚਾਰੀਆਂ ਨੇ ਸ਼ਹਿਰ ਵਿੱਚ ਮਕਾਨਾਂ ਦੀ ਵਧਦੀ ਮਹਿੰਗਾਈ ਅਤੇ ਰਹਿਣ-ਸਹਿਣ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਨਵੀਆਂ ਜਨ ਸੁਣਵਾਈਆਂ ਕਰਵਾਉਣ ਦੀ ਮੰਗ ਕੀਤੀ ਹੈ।ਯੂਨੀਅਨ ਯੂਨਾਈਟ ਹਿਅਰ ਲੋਕਲ 40 ਨੇ ਸਿਟੀ ਹਾਲ ਨੂੰ ਇਕ ਪਟੀਸ਼ਨ ਸੌਂਪਦੇ ਹੋਏ ਕਿਹਾ ਹੈ ਕਿ ਹਾਊਸਿੰਗ ਅਫੋਰਡਬਿਲਿਟੀ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਮੁੜ ਤੋਂ ਪਬਲਿਕ ਹਿਅਰਿੰਗ ਕਰਵਾਈ ਜਾਵੇ। ਯੂਨੀਅਨ ਦਾ ਦਾਅਵਾ ਹੈ ਕਿ ਇਸ ਸਾਲ ਪਹਿਲਾਂ ਹੋਈਆਂ ਸੁਣਵਾਈਆਂ ਦੌਰਾਨ ਕਈ ਮੈਂਬਰ ਪੂਰੀ ਤਰ੍ਹਾਂ ਆਪਣੀ ਗੱਲ ਨਹੀਂ ਰੱਖ ਸਕੇ।

ਯੂਨੀਅਨ ਪ੍ਰਧਾਨ ਜ਼ੈਲਡਾ ਚੈਨ ਨੇ ਕਿਹਾ ਕਿ ਭਾਸ਼ਾਈ ਰੁਕਾਵਟਾਂ, ਤਕਨੀਕੀ ਸਮੱਸਿਆਵਾਂ ਅਤੇ ਸੁਣਵਾਈ ਪ੍ਰਕਿਰਿਆ ਬਾਰੇ ਉਲਝਣ ਕਾਰਨ ਕਈ ਲੋਕ ਪ੍ਰਭਾਵਸ਼ਾਲੀ ਢੰਗ ਨਾਲ ਹਿੱਸਾ ਨਹੀਂ ਲੈ ਸਕੇ।ਚੈਨ ਨੇ ਕਿਹਾ, “ਸਾਡੇ ਬਹੁਤ ਸਾਰੇ ਮੈਂਬਰ ਇਮੀਗ੍ਰੈਂਟ ਭਾਈਚਾਰਿਆਂ ਨਾਲ ਸਬੰਧਤ ਹਨ ਅਤੇ ਅੰਗਰੇਜ਼ੀ ਉਨ੍ਹਾਂ ਦੀ ਪਹਿਲੀ ਭਾਸ਼ਾ ਨਹੀਂ ਹੈ। ਉਹ ਆਪਣੀ ਭਾਸ਼ਾ ਵਿੱਚ ਬੋਲਣਾ ਚਾਹੁੰਦੇ ਸਨ ਅਤੇ ਆਪਣੇ ਅਨੁਵਾਦਕ ਵੀ ਲੈ ਕੇ ਆਏ ਸਨ, ਪਰ ਪ੍ਰਕਿਰਿਆ ਉਨ੍ਹਾਂ ਲਈ ਆਸਾਨ ਨਹੀਂ ਸੀ।”

ਉਨ੍ਹਾਂ ਦੱਸਿਆ ਕਿ 5 ਅਤੇ 7 ਮਈ ਨੂੰ ਹੋਈਆਂ ਜਨ ਸੁਣਵਾਈਆਂ ਦੌਰਾਨ ਸਿਟੀ ਕੌਂਸਲ ਨੇ ਅਰਬੂਟਸ ਸਟਰੀਟ, ਬਰਾਟਨ ਸਟਰੀਟ, ਵੈਸਟ ਫਸਟ ਐਵੇਨਿਊ ਅਤੇ ਮੈਨ ਸਟਰੀਟ ’ਤੇ ਹਾਊਸਿੰਗ ਪ੍ਰੋਜੈਕਟਾਂ ਨਾਲ ਸਬੰਧਤ ਪ੍ਰਸਤਾਵ ਸੁਣੇ ਸਨ।ਚੈਨ ਨੇ ਕਿਹਾ ਕਿ “ਅਸੀਂ ਉਮੀਦ ਨਹੀਂ ਕਰਦੇ ਕਿ ਇਸ ਤਰ੍ਹਾਂ ਦੇ ਸ਼ਹਿਰ ਵਿੱਚ ਲੋਕਾਂ ਦੀਆਂ ਆਵਾਜ਼ਾਂ ਦਬ ਜਾਣ। ਉਸ ਦਿਨ ਕਈ ਲੋਕਾਂ ਦੀ ਗੱਲ ਨਹੀਂ ਸੁਣੀ ਗਈ।”ਯੂਨੀਅਨ ਨੇ ਦੋਸ਼ ਲਗਾਇਆ ਕਿ ਜਨ ਸੁਣਵਾਈ ਦੀ ਪ੍ਰਕਿਰਿਆ ਨਿਰਪੱਖ ਨਹੀਂ ਸੀ ਅਤੇ ਅਮੀਰ ਡਿਵੈਲਪਰਾਂ ਦੀ ਗੱਲ ਨੂੰ ਵੱਧ ਤਰਜੀਹ ਦਿੱਤੀ ਗਈ। ਯੂਨੀਅਨ ਨੂੰ ਉਮੀਦ ਹੈ ਕਿ ਉਸ ਦੀ ਪਟੀਸ਼ਨ ਮਨਜ਼ੂਰ ਕਰਕੇ ਮੁੜ ਸੁਣਵਾਈਆਂ ਕਰਵਾਈਆਂ ਜਾਣਗੀਆਂ।ਉੱਧਰ ਵੈਨਕੂਵਰ ਸਿਟੀ ਹਾਲ ਨੇ ਪੁਸ਼ਟੀ ਕੀਤੀ ਹੈ ਕਿ ਪਟੀਸ਼ਨ ਪ੍ਰਾਪਤ ਹੋ ਗਈ ਹੈ, ਹਾਲਾਂਕਿ ਇਸ ਮਾਮਲੇ ’ਤੇ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।