ਟਰੰਪ ਦੀ 1 ਲੱਖ ਡਾਲਰ ਐੱਚ-1ਬੀ ਫੀਸ ਦਾ ਵੱਡਾ ਅਸਰ, ਵੱਡੀਆਂ ਆਈਟੀ ਕੰਪਨੀਆਂ ਨੇ ਵੀਜ਼ਾ ਲਾਟਰੀ ਤੋਂ ਬਣਾਈ ਦੂਰੀ
The Trump administration’s $100,000 H-1B visa fee has led to a sharp decline in applications from major technology and staffing companies. According to U.S. Department of Homeland Security data, several large firms reduced their H-1B lottery entries by 85% to 100% this year.
ਨਵੀਂ ਦਿੱਲੀ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਕੁਝ ਨਵੇਂ ਐੱਚ-1ਬੀ ਵੀਜ਼ਾ ਕਰਮਚਾਰੀਆਂ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਗਾਏ ਜਾਣ ਤੋਂ ਬਾਅਦ ਇਸ ਵੀਜ਼ਾ ਪ੍ਰੋਗਰਾਮ ਦੀ ਮੰਗ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ ਹੋਮਲੈਂਡ ਸਕਿਊਰਿਟੀ ਵਿਭਾਗ ਦੇ ਅੰਕੜਿਆਂ ਮੁਤਾਬਕ ਕਈ ਵੱਡੀਆਂ ਆਈਟੀ ਅਤੇ ਸਟਾਫਿੰਗ ਕੰਪਨੀਆਂ ਨੇ ਇਸ ਸਾਲ ਐੱਚ-1ਬੀ ਵੀਜ਼ਾ ਲਾਟਰੀ ਵਿੱਚ ਆਪਣੀਆਂ ਐਂਟਰੀਆਂ 85 ਤੋਂ 100 ਫ਼ੀਸਦੀ ਤੱਕ ਘਟਾ ਦਿੱਤੀਆਂ ਹਨ।ਸਭ ਤੋਂ ਵੱਡੀ ਗਿਰਾਵਟ ਭਾਰਤੀ ਆਈਟੀ ਕੰਪਨੀਆਂ ਵਿੱਚ ਦੇਖਣ ਨੂੰ ਮਿਲੀ ਹੈ। ਇਨਫੋਸਿਸ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 8,100 ਤੋਂ ਵੱਧ ਐੱਚ-1ਬੀ ਲਾਟਰੀ ਐਂਟਰੀਆਂ ਘਟਾਈਆਂ ਹਨ, ਜੋ ਲਗਭਗ 91 ਫ਼ੀਸਦੀ ਦੀ ਕਮੀ ਹੈ।ਇਸੇ ਤਰ੍ਹਾਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਨੇ ਆਪਣੀਆਂ ਐਂਟਰੀਆਂ 5,600 ਤੋਂ ਵੱਧ ਘਟਾਈਆਂ ਹਨ। ਇਹ ਗਿਰਾਵਟ ਲਗਭਗ 95 ਫ਼ੀਸਦੀ ਬਣਦੀ ਹੈ।
ਅਮਰੀਕਾ ਵਿੱਚ ਐੱਚ-1ਬੀ ਵੀਜ਼ਾ ਦੇ ਵੱਡੇ ਉਪਭੋਗਤਾਵਾਂ ਵਿੱਚੋਂ ਇੱਕ ਕੋਗਨਿਜ਼ੈਂਟ ਟੈਕਨਾਲੋਜੀ ਸੋਲਿਊਸ਼ਨਜ਼ ਨੇ ਪਿਛਲੇ ਸਾਲ 3,752 ਐਂਟਰੀਆਂ ਦਾਖ਼ਲ ਕੀਤੀਆਂ ਸਨ, ਪਰ ਇਸ ਸਾਲ ਕੰਪਨੀ ਨੇ ਐੱਚ-1ਬੀ ਲਾਟਰੀ ਵਿੱਚ ਕੋਈ ਐਂਟਰੀ ਨਹੀਂ ਪਾਈ।ਆਈਬੀਐੱਮ ਨੇ ਵੀ ਆਪਣੀਆਂ ਐਂਟਰੀਆਂ ਵਿੱਚ 2,700 ਤੋਂ ਵੱਧ ਦੀ ਕਮੀ ਕੀਤੀ ਹੈ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਇਸ ਦੀ ਐੱਚ-1ਬੀ ਵੀਜ਼ਾ ਮੰਗ ਲਗਭਗ ਖ਼ਤਮ ਹੋਣ ਦੇ ਨੇੜੇ ਪਹੁੰਚ ਗਈ ਹੈ।ਐੱਚ-1ਬੀ ਵੀਜ਼ਾ ’ਤੇ 1 ਲੱਖ ਡਾਲਰ ਦੀ ਫੀਸ ਦੇ ਪ੍ਰਭਾਵ ਦਰਮਿਆਨ ਟਰੰਪ ਪ੍ਰਸ਼ਾਸਨ ਇਸ ਤੋਂ ਵੀ ਵੱਡੀ 1,03,265 ਅਮਰੀਕੀ ਡਾਲਰ ਦੀ ਫੀਸ ਲਾਗੂ ਕਰਨ ਦੇ ਪ੍ਰਸਤਾਵ ’ਤੇ ਵਿਚਾਰ ਕਰ ਰਿਹਾ ਹੈ।
ਇਹ ਪ੍ਰਸਤਾਵ ਉਨ੍ਹਾਂ ਕੁਝ ਐੱਚ-1ਬੀ ਕਰਮਚਾਰੀਆਂ ’ਤੇ ਵੀ ਲਾਗੂ ਹੋ ਸਕਦਾ ਹੈ ਜੋ ਪਹਿਲਾਂ ਵਾਲੀ 1 ਲੱਖ ਡਾਲਰ ਦੀ ਫੀਸ ਤੋਂ ਬਾਹਰ ਸਨ। ਇਸ ਵਿੱਚ ਹਾਲ ਹੀ ਵਿੱਚ ਅਮਰੀਕੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋਏ ਕੁਝ ਵਿਦਿਆਰਥੀ ਵੀ ਸ਼ਾਮਲ ਹੋ ਸਕਦੇ ਹਨ।ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵੀਂ ਪ੍ਰਸਤਾਵਿਤ ਫੀਸ ਦਾ ਮਕਸਦ ਹੋਮਲੈਂਡ ਸਕਿਊਰਿਟੀ ਵਿਭਾਗ ਵੱਲੋਂ ਪਛਾਣੇ ਗਏ ਲਗਭਗ 8.7 ਅਰਬ ਡਾਲਰ ਦੇ ਇਮੀਗ੍ਰੇਸ਼ਨ-ਸਬੰਧੀ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ।
ਹਾਲਾਂਕਿ ਇਮੀਗ੍ਰੇਸ਼ਨ ਨੀਤੀ ਮਾਹਿਰਾਂ ਅਤੇ ਅਰਥਸ਼ਾਸਤਰੀਆਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਇਹ ਫੀਸ ਲਾਜ਼ਮੀ ਹੋ ਜਾਂਦੀ ਹੈ ਤਾਂ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ਸਪਾਂਸਰ ਕਰਨ ਤੋਂ ਪਿੱਛੇ ਹਟ ਸਕਦੀਆਂ ਹਨ।ਐੱਚ-1ਬੀ ਪ੍ਰੋਗਰਾਮ ਪਹਿਲਾਂ ਹੀ ਬਹੁਤ ਜ਼ਿਆਦਾ ਮੰਗ ਵਾਲਾ ਹੈ। ਅਮਰੀਕਾ ਵਿੱਚ ਹਰ ਸਾਲ ਐੱਚ-1ਬੀ ਵੀਜ਼ਾ ਦੀ ਗਿਣਤੀ 85,000 ਤੱਕ ਸੀਮਿਤ ਹੈ, ਜਦਕਿ ਕੰਪਨੀਆਂ ਵੱਲੋਂ ਇਸ ਤੋਂ ਕਿਤੇ ਵੱਧ ਕਰਮਚਾਰੀਆਂ ਲਈ ਅਰਜ਼ੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ।ਇੰਸਟੀਚਿਊਟ ਫ਼ਾਰ ਪ੍ਰੋਗਰੈੱਸ ਦੇ ਇੱਕ ਵਿਸ਼ਲੇਸ਼ਣ ਮੁਤਾਬਕ ਜੇਕਰ 1,03,265 ਡਾਲਰ ਦੀ ਪ੍ਰਸਤਾਵਿਤ ਫੀਸ ਲਾਗੂ ਹੁੰਦੀ ਹੈ ਤਾਂ ਕੰਪਨੀਆਂ ਦੇ ਰਵੱਈਏ ਦੇ ਆਧਾਰ ’ਤੇ ਐੱਚ-1ਬੀ ਵੀਜ਼ਾ ਦੀ ਮੰਗ 63 ਤੋਂ 91 ਫ਼ੀਸਦੀ ਤੱਕ ਘਟ ਸਕਦੀ ਹੈ। ਕਈ ਅਨੁਮਾਨਾਂ ਵਿੱਚ ਇਹ ਮੰਗ ਸਾਲਾਨਾ ਵੀਜ਼ਾ ਸੀਮਾ ਤੋਂ ਵੀ ਹੇਠਾਂ ਜਾਣ ਦੀ ਸੰਭਾਵਨਾ ਜਤਾਈ ਗਈ ਹੈ। 1,03,265 ਡਾਲਰ ਦੀ ਪ੍ਰਸਤਾਵਿਤ ਫੀਸ ਇਸ ਵੇਲੇ ਰੈਗੂਲੇਟਰੀ ਪ੍ਰਕਿਰਿਆ ਵਿੱਚ ਹੈ ਅਤੇ ਇਸ ’ਤੇ ਜਨਤਕ ਟਿੱਪਣੀਆਂ ਦੇਣ ਦੀ ਮਿਆਦ 24 ਸਤੰਬਰ ਨੂੰ ਖ਼ਤਮ ਹੋਣੀ ਹੈ।
















