136 ਸਾਲ ਪੁਰਾਣਾ ਰਿਕਾਰਡ ਤੋੜਦਿਆਂ ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਕੀਤੀ ਜਿੱਤ ਹਾਸਲ
ਪਰਥ-ਭਾਰਤ ਅਤੇ ਆਸਟਰੇਲੀਆ ਵਿਚਕਾਰ ਚੱਲ ਰਹੇ ਮੈਚ ਦੌਰਾਨ ਭਾਰਤੀ ਕ੍ਰਿਕਟ ਟੀਮ ਨੇ ਆਸਟਰੇਲੀਆ 295 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਜਾਣਕਾਰੀ ਮੁਤਾਬਕ ਇਸ ਜਿੱਤ ਨਾਲ ਭਾਰਤ ਨੇ ਟੈਸਟ ਕ੍ਰਿਕਟ ਦੇ ਇਤਿਹਾਸ ਦਾ 136 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਪਰਥ ’ਚ ਤੇਜ਼ ਅਤੇ ਉਛਾਲ ਵਾਲੀ ਵਿਕਟ ’ਤੇ ਇੰਨੇ ਵੱਡੇ ਫਰਕ ਨਾਲ ਜਿੱਤਣਾ ਭਾਰਤੀ ਕ੍ਰਿਕਟ ਦੇ ਇਤਿਹਾਸ ਦਾ ਯਾਦਗਾਰ ਪਲ ਬਣ ਗਿਆ ਹੈ। ਪਰਥ ਦੇ ਓਪਟਸ ਸਟੇਡੀਅਮ ’ਚ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਕੰਗਾਰੂ ਟੀਮ ਦੂਜੀ ਪਾਰੀ ’ਚ 238 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 6 ਵਿਕਟਾਂ ’ਤੇ 487 ਦੌੜਾਂ ’ਤੇ ਐਲਾਨ ਦਿੱਤੀ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ ’ਚ 150 ਦੌੜਾਂ ਬਣਾਈਆਂ ਸਨ। ਜਵਾਬ ’ਚ ਆਸਟਰੇਲੀਆ ਦੀ ਪਹਿਲੀ ਪਾਰੀ 104 ਦੌੜਾਂ ’ਤੇ ਹੀ ਸਿਮਟ ਗਈ। ਪਰਥ ਦੇ ਓਪਟਸ ਸਟੇਡੀਅਮ ’ਚ ਆਸਟਰੇਲੀਆ ਦੀ ਇਹ ਪਹਿਲੀ ਹਾਰ ਹੈ। ਟੀਮ ਨੇ ਇਸ ਤੋਂ ਪਹਿਲਾਂ 4 ਮੈਚ ਖੇਡੇ ਸਨ ਅਤੇ ਸਾਰੇ ਜਿੱਤੇ ਸਨ। ਆਸਟਰੇਲੀਆ ਦੀ ਦੂਜੀ ਪਾਰੀ ਵਿੱਚ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ 3-3 ਵਿਕਟਾਂ ਲਈਆਂ। ਟਰੈਵਿਸ ਹੈੱਡ (89) ਨੇ ਅਰਧ ਸੈਂਕੜਾ ਲਗਾਇਆ। ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਦੀ ਦੂਜੀ ਪਾਰੀ 6 ਵਿਕਟਾਂ ’ਤੇ 487 ਦੌੜਾਂ ’ਤੇ ਐਲਾਨੀ ਗਈ। ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ ਤੀਜਾ ਟੈਸਟ ਸੈਂਕੜਾ ਲਗਾਉਂਦੇ ਹੋਏ ਅਜੇਤੂ 100 ਦੌੜਾਂ ਦਾ ਯੋਗਦਾਨ ਦਿੱਤਾ। ਯਸ਼ਸਵੀ ਜੈਸਵਾਲ ਨੇ ਵੀ 297 ਗੇਂਦਾਂ ’ਤੇ 161 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੇਐਲ ਰਾਹੁਲ ਨੇ 77 ਦੌੜਾਂ ਦੀ ਪਾਰੀ ਖੇਡੀ ਸੀ।