ਸੂਬੇ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫੀਸਦ ਗਿਰਾਵਟ ਦਰਜ
ਚੰਡੀਗੜ੍ਹ-‘ਪੰਜਾਬ ਰਿਮੋਟ ਸੈਂਸਿੰਗ ਸੈਂਟਰ’ ਦੇ ਅੰਕੜਿਆਂ ਅਨੁਸਾਰ 15 ਸਤੰਬਰ ਤੋਂ 27 ਅਕਤੂਬਰ ਤਕ ਪੰਜਾਬ ’ਚ ਪਰਾਲੀ ਸਾੜਨ ਦੀਆਂ 1995 ਘਟਨਾਵਾਂ ਸਾਹਮਣੇ ਆਈਆਂ, ਜਦਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਗਿਣਤੀ 4,059 ਸੀ। ਜਿਸ ਤਹਿਤ ਪੰਜਾਬ ’ਚ ਵਾਢੀ ਮਗਰੋਂ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਇਸ ਸਾਲ ਹੁਣ ਤਕ 50 ਫੀ ਸਦੀ ਦੀ ਕਮੀ ਆਈ ਹੈ। ਹਾਲਾਂਕਿ, ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ’ਤੇ ਕੋਈ ਸਕਾਰਾਤਮਕ ਪ੍ਰਭਾਵ ਨਹੀਂ ਪਿਆ ਹੈ। ਜੇਕਰ ਸਾਲ 2022 ਦੇ ਅੰਕੜਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ 75 ਫੀ ਸਦੀ ਦੀ ਕਮੀ ਦਰਜ ਕੀਤੀ ਗਈ ਹੈ। ਸਾਲ 2022 ’ਚ ਇਸ ਸਮੇਂ ਦੌਰਾਨ ਸੂਬੇ ’ਚ ਪਰਾਲੀ ਸਾੜਨ ਦੀਆਂ 8,147 ਘਟਨਾਵਾਂ ਦਰਜ ਕੀਤੀਆਂ ਗਈਆਂ। ਅਕਤੂਬਰ ਅਤੇ ਨਵੰਬਰ ’ਚ ਝੋਨੇ ਦੀ ਵਾਢੀ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਦਿੱਲੀ ਨਾਲ ਲਗਦੇ ਸੂਬਿਆਂ ’ਚ ਪਰਾਲੀ ਸਾੜਨ ਨਾਲ ਦਿੱਲੀ ’ਚ ਪ੍ਰਦੂਸ਼ਣ ਵਧਦਾ ਹੈ। ਪੰਜਾਬ ’ਚ ਝੋਨੇ ਦੀ ਖਰੀਦ ਪ੍ਰਕਿਰਿਆ ਚੱਲ ਰਹੀ ਹੈ। ਅੰਕੜਿਆਂ ਅਨੁਸਾਰ ਐਤਵਾਰ ਨੂੰ ਪੰਜਾਬ ’ਚ ਪਰਾਲੀ ਸਾੜਨ ਦੀਆਂ 138 ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ’ਚੋਂ ਸੱਭ ਤੋਂ ਵੱਧ ਫਿਰੋਜ਼ਪੁਰ ਤੋਂ ਬਾਅਦ ਸੰਗਰੂਰ ਅਤੇ ਫਤਿਹਗੜ੍ਹ ’ਚ ਸਾਹਮਣੇ ਆਈਆਂ। ਸੂਬੇ ’ਚ 2022 ਅਤੇ 2023 ’ਚ ਇਕੋ ਦਿਨ ਪਰਾਲੀ ਸਾੜਨ ਦੀਆਂ ਲੜੀਵਾਰ 1,111 ਅਤੇ 766 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਸਾਲ 2023 ’ਚ ਪੰਜਾਬ ’ਚ ਪਰਾਲੀ ਸਾੜਨ ਦੀਆਂ ਕੁਲ 36,663 ਘਟਨਾਵਾਂ ਸਾਹਮਣੇ ਆਈਆਂ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 26 ਫੀ ਸਦੀ ਘੱਟ ਸੀ। ਸਾਲ 2022 ’ਚ ਪਰਾਲੀ ਸਾੜਨ ਦੀਆਂ ਕੁਲ 49,922, 2021 ’ਚ 71,304, 2020 ’ਚ 76,590, 2019 ’ਚ 55,210 ਅਤੇ 2018 ’ਚ 50,590 ਘਟਨਾਵਾਂ ਦਰਜ ਕੀਤੀਆਂ ਗਈਆਂ।