ਸਾਡਾ ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗ ਦਰਸ਼ਕ: ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਨੂੰ ਦੇਸ਼ ਦੇ ਵਰਤਮਾਨ ਅਤੇ ਭਵਿੱਖ ਲਈ ਮਾਰਗ ਦਰਸ਼ਕ ਦਸਿਆ ਅਤੇ ਕਿਹਾ ਕਿ ਵਿਕਸਤ ਭਾਰਤ ’ਚ ਹਰ ਕਿਸੇ ਨੂੰ ਗੁਣਵੱਤਾ ਭਰਪੂਰ ਅਤੇ ਸਨਮਾਨਜਨਕ ਜੀਵਨ ਮਿਲਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਐਡਮਿਨਿਸਟਰੇਟਿਵ ਬਿਲਡਿੰਗ ਕੰਪਲੈਕਸ ਦੇ ਆਡੀਟੋਰੀਅਮ ’ਚ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸੰਵਿਧਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ’ਚ ਅਪਣੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਕਈ ਭਲਾਈ ਯੋਜਨਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ‘ਇਹ ਲੋਕਾਂ ਦੇ ਜੀਵਨ ’ਤੇ ਬਹੁਤ ਸਕਾਰਾਤਮਕ ਅਸਰ ਪਾ ਰਹੀਆਂ ਹਨ। ਦੇਸ਼ ਦੀ ਤਰੱਕੀ ਤੇਜ਼ ਹੋ ਰਹੀ ਹੈ ਅਤੇ ਸੰਵਿਧਾਨ ਦੀ ਮੂਲ ਭਾਵਨਾ ਵੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਇਹ ਵਿਵਸਥਾ ਕੀਤੀ ਹੈ ਕਿ ਦੇਸ਼, ਸਮੇਂ ਅਤੇ ਸਥਿਤੀ ਦੇ ਅਨੁਸਾਰ ਢੁਕਵੇਂ ਫੈਸਲੇ ਲੈ ਕੇ ਸਮੇਂ-ਸਮੇਂ ’ਤੇ ਸੰਵਿਧਾਨ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਉਹ ਜਾਣਦੇ ਸਨ ਕਿ ਭਾਰਤ ਦੀਆਂ ਇੱਛਾਵਾਂ ਅਤੇ ਸੁਪਨੇ ਸਮੇਂ ਦੇ ਨਾਲ ਨਵੀਆਂ ਉਚਾਈਆਂ ਨੂੰ ਛੂਹਣਗੇ। ਅਪਣੇ ਸੰਬੋਧਨ ਦੀ ਸ਼ੁਰੂਆਤ ’ਚ ਪ੍ਰਧਾਨ ਮੰਤਰੀ ਨੇ 26 ਨਵੰਬਰ ਨੂੰ ਮੁੰਬਈ ’ਚ ਹੋਏ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਭਾਰਤ ਦੀ ਸੁਰੱਖਿਆ ਨੂੰ ਚੁਨੌਤੀ ਦੇਣ ਵਾਲੇ ਹਰ ਅਤਿਵਾਦੀ ਸੰਗਠਨ ਨੂੰ ਢੁਕਵਾਂ ਜਵਾਬ ਦਿਤਾ ਜਾਵੇਗਾ।