ਰਾਜ ਸਭਾ ’ਚ ਰਾਘਵ ਚੱਢਾ ਨੇ ਬ੍ਰਿਟੇਨ ’ਚ ਰੱਖੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਗੱਦੀ ਦੀ ਵਾਪਸੀ ਦਾ ਉਠਾਇਆ ਮੁੱਦਾ
ਚੰਡੀਗੜ੍ਹ-ਇਸ ਸਾਲ 24 ਜੁਲਾਈ ਨੂੰ ਰਾਜ ਸਭਾ ਵਿੱਚ ਦਿੱਤੇ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਵਸਤਾਂ ਵਿਦੇਸ਼ਾਂ ਤੋਂ ਭਾਰਤ ਵਾਪਸ ਲਿਆਉਣ ਦਾ ਅਹਿਮ ਮੁੱਦਾ ਉਠਾਇਆ ਸੀ। ਇਸ ਦੇ ਨਾਲ ਹੀ ਹੁਣ ਕੇਂਦਰ ਸਰਕਾਰ ਨੇ ਪੱਤਰ ਲਿਖ ਕੇ ਕਿਹਾ ਹੈ ਕਿ ਸਰਕਾਰ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਸਤਾਂ ਨੂੰ ਵਾਪਸ ਲਿਆਉਣ ਲਈ ਯਤਨ ਕਰ ਰਹੀ ਹੈ। ਰਾਘਵ ਚੱਢਾ ਦੀ ਪਹਿਲਕਦਮੀ ਤੋਂ ਬਾਅਦ ਕੇਂਦਰ ਸਰਕਾਰ ਤੋਂ ਇਹ ਭਰੋਸਾ ਮਿਲਣਾ ਰਾਘਵ ਚੱਢਾ ਵੱਲੋਂ ਭਾਰਤੀ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਦੇ ਯਤਨਾਂ ਦੀ ਵੱਡੀ ਜਿੱਤ ਹੈ। ਇਸ ਦੇ ਨਾਲ ਹੀ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਘਵ ਚੱਢਾ ਨੂੰ ਲਿਖੇ ਪੱਤਰ ’ਚ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ 358 ਇਤਿਹਾਸਕ ਵਸਤੂਆਂ ਭਾਰਤ ਲਿਆਂਦੀਆਂ ਜਾ ਚੁੱਕੀਆਂ ਹਨ। ਭਾਰਤ ਸਰਕਾਰ 1972 ਦੇ ਪ੍ਰਾਚੀਨ ਵਿਰਾਸਤ ਅਤੇ ਪੁਰਾਤਨਤਾ ਐਕਟ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਤਹਿਤ ਇਹਨਾਂ ਵਿਰਾਸਤੀ ਸਥਾਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਰੁੱਝੀ ਹੋਈ ਹੈ। ਗਜੇਂਦਰ ਸਿੰਘ ਸ਼ੇਖਾਵਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰ ਬ੍ਰਿਟਿਸ਼ ਕਾਲ ਦੌਰਾਨ ਖੋਹੀ ਗਈ ਵਿਰਾਸਤ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ। ਹਾਲਾਂਕਿ, ਵਿਦੇਸ਼ਾਂ ਵਿੱਚ ਮੌਜੂਦ ਕਾਨੂੰਨ ਅਤੇ ਸਬੰਧਿਤ ਦੇਸ਼ਾਂ ਦੀਆਂ ਨੀਤੀਆਂ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਸਤਾਂ ਸਮੇਤ ਮਹੱਤਵਪੂਰਨ ਵਿਰਾਸਤੀ ਵਸਤਾਂ ਨੂੰ ਵਾਪਸ ਲਿਆਉਣ ਲਈ ਕੂਟਨੀਤਕ ਚੈਨਲਾਂ ਦੀ ਵਰਤੋਂ ਕੀਤੀ ਜਾਵੇਗੀ। ਦੱਸ ਦੇਈਏ ਕਿ ਨੌਜਵਾਨ ਸੰਸਦ ਮੈਂਬਰ ਰਾਘਵ ਚੱਢਾ ਹਮੇਸ਼ਾ ਦੇਸ਼ ਅਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਉਹ ਲਗਾਤਾਰ ਇਨ੍ਹਾਂ ਸਮੱਸਿਆਵਾਂ ਨੂੰ ਸੰਸਦ ਵਿੱਚ ਬੜੇ ਹੀ ਜ਼ੋਰਦਾਰ ਢੰਗ ਨਾਲ ਉਠਾਉਂਦੇ ਰਹੇ ਹਨ। ਇਸੇ ਸਰਦ ਰੁੱਤ ਸੈਸ਼ਨ ਵਿੱਚ ਹੀ ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਅਤੇ ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਤੱਕ ਹਵਾਈ ਸੰਪਰਕ ਵਧਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਵਾਲ ਪੁੱਛੇ ਸਨ। ਜਿਸ ਦਾ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਕੇਂਦਰੀ ਸਿਵਲ ਏਵੀਏਸ਼ਨ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਲਿਖਤੀ ਜਵਾਬ ਦਿੱਤਾ ਸੀ।