ਮੀਰਾਬਾਈ ਚਾਨੂ ਵੇਟਲਿਫਟਰ ਵਿਸ਼ਵ ਚੈਂਪੀਅਨਸ਼ਿਪ ’ਚ ਨਹੀਂ ਲਵੇੇਗੀ ਹਿੱਸਾ
ਨਵੀਂ ਦਿੱਲੀ-ਅਗਲੇ ਹਫਤੇ ਬਹਿਰੀਨ ਦੇ ਮਨਾਮਾ ਵਿੱਚ ਹੋਣ ਵਾਲੀ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੀਰਾਬਾਈ ਚਾਨੂ ਹਿੱਸਾ ਨਾ ਲੈ ਕੇ ‘ਰਿਹੈਬਿਲਿਟੇਸ਼ਨ’ ਜਾਰੀ ਰੱਖੇਗੀ। ਜਾਣਕਾਰੀ ਮੁਤਾਬਕ ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਨੇ ਅਗਸਤ ਵਿੱਚ ਪੈਰਿਸ ਓਲੰਪਿਕ ਦੇ 49 ਕਿਲੋ ਭਾਰ ਵਰਗ ਵਿੱਚ ਚੌਥੇ ਸਥਾਨ ’ਤੇ ਰਹਿਣ ਤੋਂ ਬਾਅਦ ਕਿਸੇ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਹੈ। ਚਾਨੂ ਦੀ ਗੈਰਹਾਜ਼ਰੀ ਵਿੱਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਗਿਆਨੇਸ਼ਵਰੀ ਯਾਦਵ 6 ਦਸੰਬਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਗਿਆਨੇਸ਼ਵਰੀ 49 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬਿੰਦਿਆਰਾਣੀ ਦੇਵੀ (55 ਕਿਲੋ) ਅਤੇ ਰਾਸ਼ਟਰੀ ਚੈਂਪੀਅਨਸ਼ਿਪ ਅਤੇ ਖੇਲੋ ਇੰਡੀਆ ਵੇਟਲਿਫਟਿੰਗ ਲੀਗ ਦੀ ਸੋਨ ਤਗ਼ਮਾ ਜੇਤੂ ਦਿਤਿਮੋਨੀ ਸੋਨੋਵਾਲ (64 ਕਿਲੋ) ਵੀ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲਵੇਗੀ।