ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪ੍ਰੈਸ ਭਾਈਚਾਰੇ ਵੱਲੋਂ ਬਠਿੰਡਾ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ

ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪ੍ਰੈਸ ਭਾਈਚਾਰੇ ਵੱਲੋਂ ਬਠਿੰਡਾ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ

ਤਲਵੰਡੀ ਸਾਬੋ/ਬਠਿੰਡਾ -ਉੱਘੇ ਪੱਤਰਕਾਰ ਅਤੇ ਬੇਬਾਕ ਪੋਲੀਟੀਕਲ ਟਿੱਪਣੀਕਾਰ ਸਰਦਾਰ ਮਾਲਵਿੰਦਰ ਸਿੰਘ ਮਾਲੀ ਦੀ ਫੌਰੀ ਰਿਹਾਈ ਦੀ ਮੰਗ ਨੂੰ ਲੈ ਕੇ ਬਠਿੰਡਾ ਜਿਲੇ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਅਤੇ ਮਨੁੱਖੀ ਅਧਿਕਾਰ ਸਭਾ ਵੱਲੋਂ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਸਰਦਾਰ ਮਾਲੀ ਦੀ ਤੁਰੰਤ ਰਿਹਾਈ ਦੇ ਹੱਕ ਵਿੱਚ ਜੋਰਦਾਰ ਆਵਾਜ਼ ਚੁੱਕੀ ਗਈ ਹੈ।
           ਬਠਿੰਡਾ ਦੇ ਬਾਬਾ ਭੀਮ ਰਾਓ ਅੰਬੇਡਕਰ ਚੌਕ ਵਿਖੇ ਮੂੰਹਾਂ ਉਪਰ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਅਖਬਾਰਾਂ ਦੇ ਵੱਡੀ ਗਿਣਤੀ ਪ੍ਰਤੀ ਨਿਧਾਂ, ਰੇਡੀਓ- ਟੀਵੀ ਚੈਨਲਾਂ, ਪ੍ਰੈਸ ਫੋਟੋਗਰਾਫਰਾਂ ਅਤੇ ਮਨੁੱਖੀ ਅਧਿਕਾਰ ਸਭਾ ਦੇ ਬੁਲਾਰਿਆਂ ਨੇ ਕਿਹਾ ਕਿ ਵੱਖ ਵਖ ਪੱਧਰਾਂ ਤੇ ਵੱਖ ਵੱਖ ਸੰਕਟਾਂ ਵਿੱਚ ਘਿਰੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਰਕਰਦਾ ਮੀਡੀਆ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਜੁਬਾਨਬੰਦੀ ਕਰਨ ਉੱਪਰ ਉਤਰ ਆਈ ਹੈ।
         ਬੁਲਾਰਿਆਂ ਨੇ ਕਿਹਾ ਕਿ ਸਰਦਾਰ ਮਾਲਵਿੰਦਰ ਸਿੰਘ ਮਾਲੀ ਬੜੇ ਲੰਬੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਮੌਕੇ ਵਾਪਰਦੇ ਚੰਗੇ-ਮੰਦੇ ਵਰਤਾਰਿਆਂ ਉੱਪਰ ਆਪਣੀਆਂ ਸਿਆਸੀ ਟਿੱਪਣੀਆਂ ਕਰਦੇ ਰਹਿਣ ਵਾਲੇ ਉਸ ਬੇਬਾਕ ਟਿੱਪਣੀਕਾਰ ਵਜੋਂ ਜਾਣੇ ਜਾਂਦੇ ਹਨ ਜਿੰਨਾਂ ਟਿੱਪਣੀਆਂ ਜਾਂ ਸਮਾਜ ਦੇ ਮਾਰੂ ਵਰਤਾਰਿਆਂ ਖਿਲਾਫ ਆਵਾਜ਼ ਬੁਲੰਦ ਕਰਨ ਦੀ ਸਾਡਾ ਸੰਵਿਧਾਨ ਆਗਿਆ ਦਿੰਦਾ ਹੈ।
          ਬੁਲਾਰਿਆਂ ਨੇ ਕਿਹਾ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ ਵਾਲੇ ਅਖਾਣ ਵਾਂਗ ਮੀਡੀਆ ਵਿੱਚ ਕੰਮ ਕਰਦੇ ਵੱਡੀ ਗਿਣਤੀ ਪੱਤਰਕਾਰ ਅਤੇ ਹੋਰ ਕਲਮਕਾਰ ਸਾਡੇ ਸਮਾਜ ਵਿੱਚ ਹੋ ਵਾਪਰ ਰਹੇ ਬਾਰੇ ਉਹ ਸ਼ੀਸ਼ਾ ਵਿਖਾ ਰਹੇ ਹਨ, ਜਿਸ ਨੂੰ ਵੇਖ ਕੇ ਕਈ ਵਾਰ ਸਰਕਾਰਾਂ ਜਾਂ ਉਸਦੇ ਅਹਿਲਕਾਰ ਆਪਣੇ ਚਿਹਰੇ ਦੇ ਦਾਗ ਠੀਕ ਕਰਨ ਦੀ ਬਜਾਏ ਲੋਕਤੰਤਰ ਵਿੱਚ ਲੋਕਾਂ ਨੂੰ ਮਿਲੇ ਜਮਹੂਰੀ ਅਧਿਕਾਰਾਂ ਦਾ ਘਾਣ ਕਰਨ ਤੱਕ ਚਲੇ ਜਾਂਦੇ ਹਨ।
ਬੁਲਾਰਿਆਂ ਕਿਹਾ ਕਿ ਭਾਵੇਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਪ ਦਹਾਕਿਆਂ ਬੱਧੀ ਸਿਆਸੀ ਟਿੱਪਣੀਆਂ ਅਤੇ ਤਿੱਖੇ ਕਟਾਖਸ ਹਰ ਰੰਗ ਦੀਆਂ ਸਰਕਾਰਾਂ ਮੌਕੇ ਖੁਦ ਕਰਦੇ ਰਹੇ ਹਨ ਪਰੰਤੂ ਉਹਨਾਂ ਦੀ ਸਰਕਾਰ ਦੇ ਚਲਦਿਆਂ ਵੀ ਜੇਕਰ ਮਨੁੱਖੀ ਹੱਕ ਅਤੇ ਅਧਿਕਾਰ ਪੁਲਸੀਆ ਡੰਡੇ ਦੇ ਜ਼ੋਰ ਨਾਲ ਕੁਚਲੇ ਜਾ ਰਹੇ ਹਨ ਤਾਂ ਇਸ ਦੀ ਕੀਮਤ ਭਗਵੰਤ ਮਾਨ ਸਰਕਾਰ ਨੂੰ ਵੀ ਚਕਾਉਣੀ ਪੈ ਸਕਦੀ ਹੈ।
ਇਸ ਮੌਕੇ ਬਠਿੰਡਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ, ਉੱਘੇ ਲੇਖਕ ਪ੍ਰੋ: ਰਾਜਪਾਲ ਸਿੰਘ, ਸਵਰਨ ਸਿੰਘ ਦਾਨੇਵਾਲੀਆ, ਸੁਖਨੈਬ ਸਿੰਘ ਸਿੱਧੂ, ਬਰਜਿੰਦਰ ਸਿੰਘ ਜੌੜਾ, ਬਲਵਿੰਦਰ ਭੁੱਲਰ, ਜਗਦੀਪ ਗਿੱਲ, ਜਗਜੀਤ ਸਿੱਧੂ, ਹਰਭਜਨ ਸਿੰਘ, ਬਲਵੀਰ ਬੀਰਾ ਅਤੇ ਰੇਸ਼ਮ ਵੱਡਾ ਗੁੜਾ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਫਾਊਂਡਰ ਪ੍ਰਧਾਨ ਬਰਜਿੰਦਰ ਸਿੰਘ ਬਰਾੜ, ਸਰਦਾਰ ਭੋਲਾ ਸਿੰਘ ਗਿੱਲ ਪੱਤੀ, ਜਗਦੇਵ ਸਿੰਘ ਜੱਗਾ ਸਾਬਕਾ ਸੰਪਾਦਕ ਪ੍ਰਚੰਡ ਮੈਗਜ਼ੀਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਮੌਜੂਦ ਸਨ।