ਬ੍ਰਿਟਿਸ਼ ਕੋਲੰਬੀਆ ਦੇ ਗਵਰਨਰ ਵਲੋਂ ਐੱਨਡੀਪੀ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ 

ਬ੍ਰਿਟਿਸ਼ ਕੋਲੰਬੀਆ ਦੇ ਗਵਰਨਰ ਵਲੋਂ ਐੱਨਡੀਪੀ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ 

ਵੈਨਕੂਵਰ-19 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਐਨਡੀਪੀ ਪਾਰਟੀ ਨੇ 46 ਅਤੇ ਕੰਜ਼ਰਵੇਟਿਵ ਪਾਰਟੀ ਨੇ 45 ਅਤੇ ਗਰੀਨ ਪਾਰਟੀ ਨੇ ਮਹਿਜ਼ 2 ਸੀਟਾਂ ਹਾਸਲ ਕੀਤੀਆਂ ਸਨ ਜਿਸ ਦੇ ਸਬੰਧ ਵਿੱਚ ਦੋ ਹਲਕਿਆਂ ’ਚ ਜਿੱਤ-ਹਾਰ ਦਾ ਫਰਕ 100 ਵੋਟਾਂ ਤੋਂ ਘੱਟ ਰਹਿਣ ਕਰ ਕੇ ਨਿਯਮਾਂ ਮੁਤਾਬਕ ਦੁਬਾਰਾ ਗਿਣਤੀ ਹੋਈ ਤੇ ਸਰੀ ਗਿਲਫਰਡ ਹਲਕੇ ਦਾ ਪਲੜਾ ਨਿਊ ਡੈਮੋਕਰੈਟਿਕ ਪਾਰਟੀ ਦੇ ਹੱਕ ’ਚ ਭਾਰੂ ਹੋਣ ’ਤੇ ਪਾਰਟੀ ਨੇ 47 ਵਿਧਾਇਕਾਂ ਨਾਲ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਇਸ ਮੌਕੇ ਸੂਬੇ ਦੇ ਲੈਫਟੀਨੈਂਟ ਗਵਰਨਰ ਜੈਨਤ ਔਸਟਿਨ ਨੇ ਪਾਰਟੀ ਆਗੂ ਡੇਵਿਡ ਈਬੀ ਨੂੰ ਸਰਕਾਰ ਬਣਾਉਣ ਦਾ ਸੱਦਾ ਵੀ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਸੀ ਕੰਜ਼ਰਵੇਟਿਵ ਕੋਲ 44 ਵਿਧਾਇਕ ਹਨ ਤੇ ਦੋ ਸੀਟਾਂ ਗਰੀਨ ਪਾਰਟੀ ਕੋਲ ਹਨ। ਹੁਣ ਦਿਲਚਸਪ ਗੱਲ ਇਹ ਹੈ ਕਿ ਐੱਨਡੀਪੀ ਦੀ ਗਰਾਰੀ ਆਪਣਾ ਸਪੀਕਰ ਬਣਾਉਣ ਮੌਕੇ ਫਸੇਗੀ। ਨਿਯਮਾਂ ਮੁਤਾਬਿਕ ਸਪੀਕਰ ਬਿੱਲ ਪਾਸ ਕਰਨ ਮੌਕੇ ਵੋਟ ਨਹੀਂ ਪਾ ਸਕਦਾ। ਅਜਿਹੇ ਮੌਕੇ ਹੁਣ ਐੱਨਡੀਪੀ ਨੂੰ ਬਹੁਮਤ ਨਾਲ ਬਿਲ ਪਾਸ ਕਰਾਉਣ ਲਈ ਕਿਸੇ ਹੋਰ ਵੱਲ ਝਾਕਣਾ ਪਏਗਾ। ਸੋ ਹੁਣ ਤਵਾਜ਼ਨ ਗਰੀਨ ਦੇ ਹੱਥ ਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਆਸਤ ’ਚ ਆਉਣ ਤੋਂ ਪਹਿਲਾਂ ਨਾਮਵਰ ਵਕੀਲ ਰਹੇ ਡੇਵਿਡ ਈਬੀ ਕਿੰਨੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣਗੇ?