ਨਾਟੋ ਦੇ ਟੀਚੇ ਨੂੰ ਪੂਰਾ ਕਰਨ ਲਈ ਫ਼ੈਡਰਲ ਸਰਕਾਰ ਨੂੰ ਰੱਖਿਆ ਖ਼ਰਚ ਕਰਨਾ ਹੋਵੇਗਾ ਦੁੱਗਣਾ: ਪੀਬੀਓ

ਓਟਵਾ-ਜੇਕਰ ਫੈਡਰਲ ਸਰਕਾਰ ਵਾਅਦੇ ਅਨੁਸਾਰ 2032 ਤੱਕ ਨਾਟੋ ਦੇ ਰੱਖਿਆ ਖ਼ਰਚੇ ਦੇ ਟੀਚੇ ਨੂੰ ਪੂਰਾ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਰੱਖਿਆ ਖ਼ਰਚ ਨੂੰ ਲਗਭਗ ਦੁੱਗਣਾ ਕਰਕੇ 81.9 ਬਿਲੀਅਨ ਡਾਲਰ ਕਰਨਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਲੀਮੈਂਟਰੀ ਬਜਟ ਅਫਸਰ ਨੇ ਕੀਤਾ। ਜਾਣਕਾਰੀ ਮੁਤਾਬਕ ਨਾਟੋ ਟੀਚਾ ਮੰਗ ਕਰਦਾ ਹੈ ਕਿ ਮੈਂਬਰ ਦੇਸ਼ ਆਪਣੇ ਜੀਡੀਪੀ ਦਾ ਦੋ ਪ੍ਰਤੀਸ਼ਤ ਰੱਖਿਆ ’ਤੇ ਖ਼ਰਚ ਕਰਨ। ਜਿਸ ਦੇ ਤਹਿਤ ਸਰਕਾਰ ਦੀ ਤਾਜ਼ਾ ਰੱਖਿਆ ਨੀਤੀ, ਜੋ ਅਪ੍ਰੈਲ ਵਿੱਚ ਜਾਰੀ ਕੀਤੀ ਗਈ ਸੀ, ਨੇ ਅੰਦਾਜ਼ਾ ਲਗਾਇਆ ਹੈ ਕਿ ਰੱਖਿਆ ਖਰਚੇ ਇਸ ਦਹਾਕੇ ਦੇ ਅੰਤ ਤੱਕ ਜੀਡੀਪੀ ਦੇ 1.76 ਪ੍ਰਤੀਸ਼ਤ ਤੱਕ ਵਧ ਜਾਣਗੇ। ਹਾਲਾਂਕਿ, ਪੀਬੀਓ ਦਾ ਕਹਿਣਾ ਹੈ ਕਿ ਸਾਬਕਾ ਅਨੁਮਾਨ ਗਲਤ ਆਰਥਿਕ ਵਿਕਾਸ ਅਨੁਮਾਨਾਂ ’ਤੇ ਅਧਾਰਤ ਸਨ ਜੋ ਮੰਨਦੇ ਹਨ ਕਿ ਦੇਸ਼ ਚਾਰ ਸਾਲਾਂ ਦੀ ਮੰਦੀ ਵਿੱਚ ਹੋਵੇਗਾ। ਪੀਬੀਓ ਨੇ ਆਪਣੇ ਆਰਥਿਕ ਅਨੁਮਾਨਾਂ ਦੇ ਆਧਾਰ ’ਤੇ ਕਿਹਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਰੱਖਿਆ ਖ਼ਰਚ ਜੀਡੀਪੀ ਦੇ 1.58 ਫੀਸਦੀ ਤੱਕ ਪਹੁੰਚ ਜਾਵੇਗਾ, ਜੋ ਇਸ ਵਿੱਤੀ ਸਾਲ ਦੇ 1.35 ਫੀਸਦੀ ਤੋਂ ਵੱਧ ਹੈ। ਦੱਸ ਦਈਏ ਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਵਿੱਚ ਰੱਖਿਆ ਉੱਤੇ $41 ਬਿਲੀਅਨ ਖਰਚ ਕਰਨ ਦੀ ਉਮੀਦ ਹੈ, ਅਤੇ ਨਾਟੋ ਦੇ ਟੀਚੇ ਨੂੰ ਪੂਰਾ ਕਰਨ ਲਈ 2032 ਤੱਕ ਲਗਭਗ $82 ਬਿਲੀਅਨ ਤੱਕ ਪਹੁੰਚਣਾ ਹੋਵੇਗਾ।