ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ 

ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਸ਼ੁਰੂ 

ਯੇਰੂਸ਼ਲਮ-ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਅੱਜ ਜੰਗਬੰਦੀ ਸ਼ੁਰੂ ਹੋਈ ਹੈ। ਇਜ਼ਰਾਈਲ ਨੇ ਕਿਹਾ ਹੈ ਕਿ ਜੇ ਹਿਜ਼ਬੁੱਲਾ ਸਮਝੌਤੇ ਦੀ ਉਲੰਘਣਾ ਕਰਦਾ ਹੈ ਤਾਂ ਉਹ ਉਸ ’ਤੇ ਮੁੜ ਹਮਲਾ ਕਰੇਗਾ। ਇਜ਼ਰਾਇਲੀ ਅਤੇ ਲਿਬਨਾਨ ਦੀਆਂ ਫੌਜਾਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਖੇਤਰ ਦੇ ਲੋਕ ਦੱਖਣੀ ਲਿਬਨਾਨ ਨੂੰ ਪਰਤਣੇ ਸ਼ੁਰੂ ਹੋ ਗਏ ਹਨ। ਇਜ਼ਰਾਈਲ ਅਤੇ ਲਿਬਨਾਨ ਦੀ ਫੌਜ ਨੇ ਲੋਕਾਂ ਨੂੰ ਦੱਖਣੀ ਲਿਬਨਾਨ ਦੇ ਕੁਝ ਖੇਤਰਾਂ ਵਿੱਚ ਫਿਲਹਾਲ ਨਾ ਪਰਤਣ ਦੀ ਚਿਤਾਵਨੀ ਦਿੱਤੀ ਹੈ, ਜੇ ਇਹ ਜੰਗਬੰਦੀ ਕਾਇਮ ਰਹਿੰਦੀ ਹੈ ਤਾਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ 14 ਮਹੀਨਿਆਂ ਤੋਂ ਚੱਲੀ ਜੰਗ ਖ਼ਤਮ ਹੋ ਜਾਵੇਗੀ।

ਹਿਜ਼ਬੁੱਲਾ ਖ਼ਿਲਾਫ਼ ਇਜ਼ਰਾਈਲ ਦੀਆਂ ਕਾਰਵਾਈਆਂ ਨੇ ਸਤੰਬਰ ਦੇ ਅੱਧ ਵਿੱਚ ਜੰਗ ਦਾ ਰੂਪ ਲੈ ਲਿਆ ਸੀ ਅਤੇ ਕੱਟੜਪੰਥੀ ਸੰਗਠਨ ਦੇ ਸਰਪ੍ਰਸਤ ਨੇ ਇਰਾਨ ਅਤੇ ਇਜ਼ਰਾਈਲ ਨੂੰ ਵਿਆਪਕ ਸੰਘਰਸ਼ ਵਿੱਚ ਘੜੀਸਣ ਦੀ ਧਮਕੀ ਦਿੱਤੀ ਸੀ। ਮੰਗਲਵਾਰ ਨੂੰ ਐਲਾਨੀ ਗਈ ਜੰਗਬੰਦੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਗਾਜ਼ਾ ’ਚ ਕਰੀਬ 14 ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਹੈ। ਜੰਗਬੰਦੀ ਬੁੱਧਵਾਰ ਸਵੇਰੇ 4 ਵਜੇ ਸ਼ੁਰੂ ਹੋਈ। ਇਜ਼ਰਾਈਲ ਨੇ ਮੰਗਲਵਾਰ ਨੂੰ ਅਮਰੀਕਾ ਅਤੇ ਫਰਾਂਸ ਦੀ ਵਿਚੋਲਗੀ ਨਾਲ ਹੋਏ ਸਮਝੌਤੇ ਨੂੰ ਮਨਜ਼ੂਰੀ ਦਿੱਤੀ। ਜੰਗਬੰਦੀ ਸਮਝੌਤੇ ਤਹਿਤ ਸ਼ੁਰੂਆਤੀ ਦੋ ਮਹੀਨਿਆਂ ਤੱਕ ਜੰਗ ਰੋਕਣ ਦੀ ਗੱਲ ਕਹੀ ਗਈ ਹੈ। ਸਮਝੌਤੇ ਅਨੁਸਾਰ ਹਿਜ਼ਬੁੱਲਾ ਨੂੰ ਦੱਖਣੀ ਲਿਬਨਾਨ ਵਿੱਚ ਆਪਣੇ ਹਥਿਆਰ ਸੁੱਟਣੇ ਪੈਣਗੇ, ਜਦਕਿ ਇਜ਼ਰਾਇਲੀ ਫ਼ੌਜ ਨੂੰ ਸਰਹੱਦ ’ਤੇ ਆਪਣੇ ਖੇਤਰਾਂ ਵਿੱਚ ਵਾਪਸ ਜਾਣਾ ਪਵੇਗਾ।