ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਏਕਨਾਥ ਸ਼ਿੰਦੇ ਦੀ ‘ਸਕਾਰਾਤਮਕ’ ਪ੍ਰਤੀਕਿਰਿਆ

ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਏਕਨਾਥ ਸ਼ਿੰਦੇ ਦੀ ‘ਸਕਾਰਾਤਮਕ’ ਪ੍ਰਤੀਕਿਰਿਆ

ਨਵੀਂ ਦਿੱਲੀ-ਮਹਾਯੁਤੀ ਗਠਜੋੜ ਦੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਲਗਾਤਾਰ ਦੁਵਿਧਾ ਦੇ ਵਿਚਕਾਰ, ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਚੋਣ ਤੋਂ ਬਾਅਦ ਦੀ ਪਹਿਲੀ ਮੀਟਿੰਗ ਨੂੰ ਚੰਗਾ ਅਤੇ ਸਕਾਰਾਤਮਕ” ਕਿਹਾ। ਇਸ ਮੀਟਿੰਗ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਅੰਤਿਮ ਨਾਂ ਸੰਭਾਵਤ ਤੌਰ ’ਤੇ ਬਾਅਦ ਵਿੱਚ ਹੋਣ ਵਾਲੀ ਇੱਕ ਹੋਰ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੀਟਿੰਗ ਚੰਗੀ ਅਤੇ ਸਕਾਰਾਤਮਕ ਰਹੀ। ਇਹ ਪਹਿਲੀ ਮੁਲਾਕਾਤ ਸੀ। ਅਸੀਂ ਅਮਿਤ ਸ਼ਾਹ ਅਤੇ ਜੇਪੀ ਨੱਡਾ ਨਾਲ ਚਰਚਾ ਕੀਤੀ ਪਰ ਮਹਾਯੁਤੀ ਦੀ ਇੱਕ ਹੋਰ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ਕਿ ਮੁੱਖ ਮੰਤਰੀ ਕੌਣ ਹੋਵੇਗਾ। ਇਹ ਮੀਟਿੰਗ ਮੁੰਬਈ ਵਿੱਚ ਹੋਵੇਗੀ। ਇਸ ਤੋਂ ਪਹਿਲਾਂ, ਏਕਨਾਥ ਸ਼ਿੰਦੇ ਨੇ ਦੁਹਰਾਇਆ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਕੋਈ ਰੁਕਾਵਟ ਨਹੀਂ ਹੈ ਅਤੇ “ਲਾਡਲਾ ਭਾਈ” ਇੱਕ ਅਜਿਹਾ ਖਿਤਾਬ ਹੈ ਜੋ ਉਨ੍ਹਾਂ ਲਈ ਕਿਸੇ ਵੀ ਚੀਜ਼ ਨਾਲੋਂ ਵੱਧ ਮਹੱਤਵ ਰੱਖਦਾ ਹੈ। ਸ਼ਿੰਦੇ ਨੇ ਕਿਹਾ ਕਿ ਮੈਂ ਕੱਲ੍ਹ ਪ੍ਰੈਸ ਕਾਨਫਰੰਸ ਵਿੱਚ ਆਪਣੀ ਭੂਮਿਕਾ ਸਾਫ਼ ਕਰ ਦਿੱਤੀ ਸੀ ਕਿ ਮਹਾਯੁਤੀ ਦੇ ਮੁੱਖ ਮੰਤਰੀ ਨੂੰ ਲੈ ਕੇ ਕੋਈ ਰੁਕਾਵਟ ਨਹੀਂ ਹੈ। ਇਹ ‘ਲਾਡਲਾ ਭਾਈ’ ਦਿੱਲੀ ਆ ਗਿਆ ਹੈ ਅਤੇ ’ਲਾਡਲਾ ਭਾਈ’ ਮੇਰੇ ਲਈ ਸਭ ਤੋਂ ਉੱਚਾ ਅਹੁਦਾ ਹੈ।”